ਜੋਗਿੰਦਰ ਸਿੰਘ ਮਾਨ
ਮਾਨਸਾ, 23 ਅਗਸਤ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਵਲੋਂ ਅੱਜ ਦਿੱਲੀ-ਬਠਿੰਡਾ ਰੇਲਵੇ ਲਾਈਨਾਂ ਉਪਰ ਧਰਨਾ ਲਾ ਦਿੱਤਾ ਗਿਆ ਹੈ, ਜਿਸ ਨਾਲ ਇਸ ਰੇਲਵੇ ਟਰੈਕ ਉਤੇ ਰੇਲ ਆਵਾਜਾਈ ਬੰਦ ਹੋ ਗਈ ਹੈ। ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਇਹ ਧਰਨਾ ਦੇਣ ਤੋਂ ਪਹਿਲਾਂ ਮਾਨਸਾ ਪ੍ਰਸ਼ਾਸਨ ਨੂੰ ਬਕਾਇਦਾ ਸਮਾਂ ਦਿੱਤਾ ਗਿਆ ਸੀ, ਅਨੇਕਾਂ ਵਾਰ ਮੀਟਿੰਗ ਹੋਣ ਦੇ ਬਾਵਜੂਦ ਮਸਲੇ ਦਾ ਹੱਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ ਮਾਨਸਾ ਨੇੜਲੇ ਪਿੰਡ ਖੋਖਰ ਖੁਰਦ ਦੀ 900 ਏਕੜ ਜ਼ਮੀਨ ਨਹਿਰੀ ਪਾਣੀ ਨਾ ਮਿਲਣ ਕਾਰਨ ਬੰਜਰ ਹੋ ਰਹੀ ਹੈ। ਰੇਲਵੇ ਵੱਲੋਂ ਲਾਈਨਾਂ ਹੇਠੋਂ ਨਹਿਰੀ ਪਾਣੀ ਲਈ ਬਣੇ ਖਾਲ ਦੀ ਪੁਲੀ ਨਹੀਂ ਬਣਾਉਣ ਦਿੱਤੀ ਜਾ ਰਹੀ ਹੈ। ਪੁਲੀ ਰੇਲਵੇ ਨੂੰ ਬਣਾਉਣੀ ਚਾਹੀਦੀ ਹੈ ਜਾਂ ਉਸ ਪੁਲੀ ਦਾ ਖਰਚਾ ਪੰਜਾਬ ਸਰਕਾਰ ਵੱਲੋਂ ਰੇਲਵੇ ਵਿਭਾਗ ਨੂੰ ਦੇਣਾ ਚਾਹੀਦਾ ਹੈ।