ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ, 10 ਮਾਰਚ
ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀਂ ਪਾਰਟੀ ਦੇ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੇ 65156 ਵੋਟਾਂ ਪ੍ਰਾਪਤ ਕਰਕੇ 37984 ਵੋਟਾਂ ਦੇ ਵੱਡੇ ਫ਼ਰਕ ਨਾਲ ਜਿੱਤ ਪ੍ਰਾਪਤ ਕੀਤੀ। ਉਹ ਦੂਜੀ ਵਾਰ ਵਿਧਾਇਕ ਬਣੇ ਹਨ। ਇਸ ਵਾਰ ਚੋਣ ਮੈਦਾਨ ਵਿੱਚ ਵੱਖ-ਵੱਖ ਪਾਰਟੀਆਂ ਦੇ ਗਿਆਰਾਂ ਉਮੀਦਵਾਰ ਚੋਣ ਲੜ ਰਹੇ ਸਨ। ਕਾਂਗਰਸ ਆਈ ਦੇ ਭੁਪਿੰਦਰ ਸਿੰਘ ਸਾਹੋ ਨੂੰ 27172, ਅਕਾਲੀ ਦਲ ਦੇ ਬਲਦੇਵ ਸਿੰਘ ਮਾਣੂੰਕੇ ਨੂੰ 26758, ਸੰਯੁਕਤ ਸਮਾਜ ਮੋਰਚਾ ਦੇ ਗੁਰਾਂਦਿੱਤਾ ਸਿੰਘ ਨੂੰ 3535 ਅਤੇ ਅਕਾਲੀ ਦਲ ਅੰਮ੍ਰਿਤਸਰ ਦੇ ਬਲਦੇਵ ਸਿੰਘ ਗਗੜਾ ਨੂੰ 14618 ਵੋਟਾਂ ਪਈਆਂ। ਜਦਕਿ ਨੋਟਾ ਨੂੰ 1010 ਵੋਟਾਂ ਪਾਈਆਂ ਗਈਆਂ। ਵਿਧਾਨਸਭਾ ਹਲਕਾ ਨਿਹਾਲ ਸਿੰਘ ਵਾਲਾ ਦੇ ਕੁੱਲ 140298 ਵੋਟਰਾਂ ਨੇ ਵੋਟਾਂ ਪਾਈਆਂ ਸਨ। ਦੂਜੀ ਵਾਰ ਵਿਧਾਇਕ ਬਣੇ ਮਨਜੀਤ ਸਿੰਘ ਬਿਲਾਸਪੁਰ ਨੇ ਵੋਟਰਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਲੋਕਾਂ ਦੀ ਜਿੱਤ ਹੈ। ਉਨ੍ਹਾਂ ਕਿਹਾ ਕਿ ਉਹ ਸਦਾ ਆਪਣੇ ਹਲਕੇ ਦੇ ਲੋਕਾਂ ਦੇ ਰਿਣੀ ਰਹਿਣਗੇ। ਭਗਵੰਤ ਮਾਨ ਦੀ ਅਗਵਾਈ ਹੇਠ ਅਵਾਮ ਦੀ ਸਰਕਾਰ ਬਣੇਗੀ ਅਤੇ ਨਿਹਾਲ ਸਿੰਘ ਵਾਲਾ ’ਚ ਵਿਕਾਸ ਦੀ ਹਨੇਰੀ ਲਿਆ ਦੇਵਾਂਗੇ।