ਨਿੱਜੀ ਪੱਤਰ ਪ੍ਰੇਰਕ
ਮੌੜ ਮੰਡੀ, 2 ਜਨਵਰੀ
ਮਰਹੂਮ ਸਾਬਕਾ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਦੋਹਤੇ ਮਨਿੰਦਰ ਸਿੰਘ ਸੇਖੋਂ ਨੇ ਅੱਜ ਮੌੜ ਮੰਡੀ ਵਿੱਚ ਹਲਕਾ ਮੌੜ ਦੇ ਕਾਂਗਰਸੀ ਵਰਕਰਾਂ ਦਾ ਵੱਡਾ ਇਕੱਠ ਕਰ ਕੇ ਸ਼ਕਤੀ ਪ੍ਰਦਰਸ਼ਨ ਕੀਤਾ। ਇਸ ਮੌਕੇ ਕਾਂਗਰਸੀ ਵਰਕਰਾਂ ਨੇ ਪਾਰਟੀ ਹਾਈਕਮਾਂਡ ਤੋਂ ਮੰਗ ਕੀਤੀ ਕਿ ਹਲਕਾ ਮੌੜ ਦੀ ਟਿਕਟ ਮਨਿੰਦਰ ਸੇਖੋਂ ਨੂੰ ਦਿੱਤੀ ਜਾਵੇ। ਇਸ ਮੌਕੇ ਮਨਿੰਦਰ ਸਿੰਘ ਸੇਖੋਂ ਨੇ ਖੁਦ ਨੂੰ ਹਲਕੇ ਦਾ ਸੇਵਾਦਾਰ ਆਖਿਆ। ਉਨ੍ਹਾਂ ਰੈਲੀ ’ਚ ਪਹੁੰਚੇ ਵਰਕਰਾਂ ਤੇ ਅਹੁਦੇਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸ਼ੇਰ ਸਿੰਘ ਗਾਗੋਵਾਲ ਦੀ ਸੋਚ ‘ਪੜ੍ਹੇਗਾ ਮੌੜ ਵਧੇਗਾ ਮੌੜ’ ਨੂੰ ਨਾਲ ਲੈ ਕੇ ਚੱਲੇ ਸਨ। ਇਸੇ ਮੁਹਿੰਮ ਨੂੰ ਪਿੰਡ ਪਿੰਡ ਤੱਕ ਲਿਜਾਣ ਲਈ ਉਨ੍ਹਾਂ ਮੌੜ ਮੰਡੀ ਵਿੱਚ ਆਪਣਾ ਦਫ਼ਤਰ ਖੋਲ੍ਹਿਆ ਸੀ। ਸ੍ਰੀ ਸੇਖੋਂ ਨੇ ਐਲਾਨ ਕੀਤਾ ਕਿ ਕਾਂਗਰਸ ਹਾਈਕਮਾਂਡ ਤੋਂ ਟਿਕਟ ਮਿਲੇ ਜਾਂ ਨਾ ਮਿਲੇ ਪਰ ਉਹ ਹਲਕਾ ਮੌੜ ਦੇ ਲੋਕਾਂ ਨੂੰ ਛੱਡ ਕੇ ਨਹੀਂ ਜਾਣਗੇੇ।
ਇਸ ਮੌਕੇ ਜ਼ਿਲ੍ਹਾ ਪਰਿਸ਼ਦ ਮੈਂਬਰ ਅਰਸ਼ਦੀਪ ਸਿੰਘ ਮਾਈਕਲ, ਮਹਿਲਾ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਵਿੰਦਰ ਕੌਰ ਜੌਹਰ ਤੇ ਜਸਵੀਰ ਸਿੰਘ ਸਰਪੰਚ ਸਣੇ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਮੌਜੂਦ ਸਨ।