ਜੋਗਿੰਦਰ ਸਿੰਘ ਮਾਨ
ਮਾਨਸਾ, 22 ਜੁਲਾਈ
ਪੰਜਾਬ ਸਰਕਾਰ ਦੇ ਸੱਦੇ ’ਤੇ ਸੂਬੇ ਵਿੱਚ ਸਭ ਤੋਂ ਵੱਡੇ ਰਕਬੇ ਅਧੀਨ ਬੀਜੀ ਮੂੰਗੀ ਦੀ ਸਰਕਾਰੀ ਭਾਅ ’ਤੇ ਖਰੀਦ ਨਾ ਹੋਣ ਤੋਂ ਅੱਕੇ ਹੋਏ ਕਿਸਾਨ ਹੁਣ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਧਰਨਾ ਲਾਉਣ ਲਈ ਮਜਬੂਰ ਹੋ ਗਏ ਹਨ। ਕਿਸਾਨਾਂ ਦੇ ਧਰਨੇ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵੱਲੋਂ ਕੀਤੀ ਗਈ। ਜ਼ਿਕਰਯੋਗ ਹੈ ਕਿ ਕਿਸਾਨਾਂ ਨੂੰ ਮੂੰਗੀ ਬੀਜਣ ਦੇ ਦਿੱਤੇ ਗਏ ਸੱਦੇ ਤਹਿਤ ਰਾਜ ਦੇ ਸਭ ਤੋਂ ਵੱਧ 20 ਹਜ਼ਾਰ ਏਕੜ ਤੋਂ ਜ਼ਿਆਦਾ ਰਕਬੇ ਵਿੱਚ ਮਾਨਸਾ ਜ਼ਿਲ੍ਹੇ ’ਚ ਮੂੰਗੀ ਬੀਜੀ ਗਈ।
ਧਰਨੇ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾਈ ਜਨਰਲ ਸਕੱਤਰ ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਜੋ ਮੂੰਗੀ ਐੱਮਐੱਸਪੀ ਤੋਂ ਘੱਟ ਖਰੀਦੀ ਜਾਂਦੀ ਹੈ, ਉਸ ਦੀ ਖਰੀਦ ਐੱਮਐੱਸਪੀ ’ਤੇ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੋ ਨਰਮਾ ਗੁਲਾਬੀ ਸੁੰਡੀ-ਚਿੱਟੀ ਮੱਖੀ ਦੇ ਹਮਲੇ ਕਾਰਨ ਕਿਸਾਨ ਵਾਹ ਰਹੇ ਹਨ, ਉਸ ਦੀ ਫੌਰੀ ਗਿਰਦਾਵਰੀ ਕਰਵਾਈ ਜਾਵੇ ਅਤੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀਆਂ ਇਨ੍ਹਾਂ ਮੰਗਾਂ ਵੱਲ ਛੇਤੀ ਧਿਆਨ ਨਾ ਦਿੱਤਾ ਤਾਂ ਆਉਣ ਵਾਲੀ 3 ਅਗਸਤ ਨੂੰ ਪੰਜਾਬ ਦੇ ਮੁੱਖ ਮਾਰਗ ਜਾਮ ਕੀਤੇ ਜਾਣਗੇ। ਇਸ ਮੌਕੇ ਲਖਵੀਰ ਅਕਲੀਆ, ਮੱਖਣ ਸਿੰਘ ਭੈਣੀਬਾਘਾ, ਜਗਦੇਵ ਸਿੰਘ ਭੈਣੀਬਾਘਾ, ਜਗਜੀਤ ਢੈਪੱਈ, ਅਮਰਜੀਤ ਜੌੜਕੀਆਂ, ਜਗਦੇਵ ਕੋਟਲੀ ਕਲਾਂ ਅਤੇ ਬਲਾਕ ਪ੍ਰਧਾਨਾਂ ਰੂਪ ਖਿਆਲਾ ਕਲਾਂ, ਸ਼ੇਰਾ ਹੋਡਲਾ, ਜਸਕਰਨ ਭਲਾਈਕੇ, ਦਰਸ਼ਨ ਔਤਾਂਵਾਲੀ, ਲੀਲਾ ਸਿੰਘ ਮੂਸਾ, ਬਲਵਿੰਦਰ ਸਿੰਘ ਚੁਕੇਰੀਆਂ ਨੇ ਵੀ ਸੰਬੋਧਨ ਕੀਤਾ।
ਮਾਨਸਾ ਤੇ ਭੁੱਚੋ ਮੰਡੀ ’ਚ ਕਿਸਾਨਾਂ ਨੇ ਵਾਹਿਆ ਨਰਮਾ
ਮਾਨਸਾ (ਪੱਤਰ ਪ੍ਰੇਰਕ): ਮਾਨਸਾ ਜ਼ਿਲ੍ਹੇ ਦੇ ਪਿੰਡ ਭੈਣੀਬਾਘਾ ਦੇ ਕਿਸਾਨ ਬਲਜਿੰਦਰ ਸਿੰਘ ਬੱਬੀ ਨੇ ਨਰਮੇ ਦੀ ਤਿੰਨ ਏਕੜ ਫ਼ਸਲ ਵਾਹ ਦਿੱਤੀ ਹੈ। ਬਲਜਿੰਦਰ ਸਿੰਘ ਬੱਬੀ ਨੇ ਦੱਸਿਆ ਕਿ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਤੋਂ ਕਾਫ਼ੀ ਚਿੰਤਤ ਸੀ ਅਤੇ ਜਿਸ ਕਰਕੇ ਇੱਥੇ ਝੋਨੇ ਵਾਲੇ ਖੇਤ ਵਿੱਚ ਨਰਮੇ ਦੀ ਬਿਜਾਈ ਕੀਤੀ, ਪ੍ਰੰਤੂ ਮੇਰੇ ਸਾਰੇ ਨਰਮੇ ਨੂੰ ਚਿੱਟੀ ਮੱਖੀ, ਹਰਾ ਤੇਲਾ ਅਤੇ ਗੁਲਾਬੀ ਸੁੰਡੀ ਵਰਗੀਆਂ ਭਿਆਨਕ ਬਿਮਾਰੀਆਂ ਨੇ ਜਕੜ ਲਿਆ ਹੈ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਭੁੱਚੋ ਮੰਡੀ ਦੇ ਪਿੰਡ ਲਹਿਰਾ ਖਾਨਾ ਦੇ ਇੱਕ ਕਿਸਾਨ ਨੇ ਚਿੱਟੇ ਮੱਛਰ ਤੇ ਗੁਲਾਬੀ ਸੁੰਡੀ ਤੋਂ ਪ੍ਰੇਸ਼ਾਨ ਹੋ ਕੇ ਆਪਣੀ ਡੇਢ ਏਕੜ ਨਰਮੇ ਦੀ ਫਸਲ ਵਾਹ ਦਿੱਤੀ ਹੈ। ਪੀੜਤ ਕਿਸਾਨ ਗੁਰਪ੍ਰੀਤ ਸਿੰਘ ਪੁੱਤਰ ਮੁਖਤਿਆਰ ਸਿੰਘ ਨੇ ਦੱਸਿਆ ਕਿ ਉਸ ਨੇ ਸਾਢੇ 52 ਹਜ਼ਾਰ ਰੁਪਏ ਵਿੱਚ ਠੇਕੇ ’ਤੇ ਜ਼ਮੀਨ ਲੈ ਕੇ ਨਰਮਾ ਬੀਜਿਆ ਸੀ। ਇਸ ਦੀ ਬਿਜਾਈ ’ਤੇ 15 ਹਜ਼ਾਰ ਰੁਪਏ ਖਰਚਾ ਹੋ ਚੁੱਕਾ ਹੈ। ਇਸ ਨਾਲ ਉਸ ਦਾ ਸਾਢੇ ਸਤਾਹਠ ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਹੈ।