ਪੱਤਰ ਪ੍ਰੇਰਕ
ਮਾਨਸਾ, 22 ਮਈ
ਫਲਾਂ ਦੇ ਬਾਦਸ਼ਾਹ ਅੰਬ ਉਤੇ ਹੁਣ ਖ਼ਰਬੂਜ਼ਿਆਂ ਤੇ ਤਰਬੂਜਾਂ ਦੀ ਸਰਦਾਰੀ ਕਾਇਮ ਹੋ ਗਈ ਹੈ। ਪੇਂਡੂ ਤੇ ਸ਼ਹਿਰੀ ਲੋਕ ਹੁਣ ਅੰਬਾਂ ਦੇ ਮੁਕਾਬਲੇ ਖਰਬੂਜਿਆਂ ਤੇ ਤਰਬੂਜਾਂ ਨੂੰ ਖਰੀਦਣ ’ਚ ਪਹਿਲ ਕਰਨ ਲੱਗੇ ਹਨ। ਮਾਲਵਾ ’ਚ ਪੈਦਾ ਹੁੰਦੇ ਖਰਬੂਜਿਆਂ ਦੇ ਨਾਲ-ਨਾਲ ਮਤੀਰੀਆਂ ਵੀ ਲੋਕਾਂ ਦੀ ਪਹਿਲੀ ਪਸੰਦ ਬਣਨ ਲੱਗੀਆਂ ਹਨ।
ਮਾਨਸਾ ਦੇ ਸਬਜ਼ੀ ਆੜ੍ਹਤੀ ਐਸੋਸੀਏਸ਼ਨ ਦੇ ਆਗੂ ਲੱਕੀ ਮਿੱਤਲ ਨੇ ਦੱਸਿਆ ਕਿ ਅੱਜ ਕੱਲ੍ਹ ਹੈਦਰਾਬਾਦ, ਕਰਨਾਟਕ ਤੇ ਆਂਧਰਾ ਪ੍ਰਦੇਸ਼ ਤੋਂ ਆ ਰਹੇ ਅੰਬ ਦੀ, ਜੋ ਟੌਅਰ ਕਦੇ ਹੁੰਦੀ ਸੀ, ਉਹ ਹੁਣ ਮਾਲਵਾ ਪੱਟੀ ’ਚ ਪੈਦਾ ਹੁੰਦੇ ਹਾਈਬਰਿਡ ਖੁਰਬੂਜਿਆਂ ਤੇ ਰਾਜਸਥਾਨ ’ਚੋਂ ਆ ਰਹੇ ਤਰਬੂਜਾਂ ਤੇ ਹਰਿਆਣੇ ਦੇ ਮਤੀਰਿਆਂ ਨੇ ਖ਼ਤਮ ਕਰ ਦਿੱਤੀ ਹੈ। ਫ਼ਲ ਰੇਹੜੀ ਯੂਨੀਅਨ ਦੇ ਆਗੂ ਬਲਵਿੰਦਰ ਕੁਮਾਰ ਤੇ ਫਿੱਡਾ ਰਾਮ ਨੇ ਮਾਲਵਾ ਪੱਟੀ ’ਚ ਇਸ ਵਾਰ ਪੈਦਾ ਹੋਣ ਲੱਗੀਆਂ ਮਤੀਰੀਆਂ ਨੇ ਵੀ ਅੰਬਾਂ ਦੀ ਵਿਕਰੀ ਨੂੰ ਰੋਕ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਕਪੂਰਥਲਾ ਖੇਤਰ ’ਚੋਂ ਆ ਰਹੀਆਂ ਮਤੀਰੀਆਂ, ਸੈਂਚਰੀਆਂ ਨੇ ਵੀ ਭਾਅ ਤੇ ਸੁਆਦ ਪੱਖੋਂ ਅੰਬਾਂ ਨੂੰ ਢਾਹ ਲਾਈ ਹੈ।
ਬਾਜ਼ਾਰ ਦੇ ਵੇਰਵਿਆਂ ਅਨਸਾਰ ਅੱਜ ਕੱਲ੍ਹ ਅੰਬ ਦਾ ਰੇਟ 50 ਰੁਪਏ ਤੋਂ 70 ਰੁਪਏ ਪ੍ਰਤੀ ਕਿਲੋ ਹੈ, ਜਦੋਂਕਿ ਤਰਬੂਜ ਤੇ ਖੁਰਬੂਜੇ ਦਾ ਭਾਅ 10 ਰੁਪਏ ਤੋਂ 15 ਰੁਪਏ ਪ੍ਰਤੀ ਕਿਲੋ ਹੈ। ਅੰਬ ਵੈਸੇ ਵੀ ਇਸ ਵਾਰ ਉਨ੍ਹਾਂ ਸੁਆਦ ਨਹੀਂ ਆਉਣ ਲੱਗਿਆ ਹੈ, ਜਿੰਨਾ ਇਹ ਆਮ ਦਿਨਾਂ ’ਚ ਹੁੰਦਾ ਸੀ, ਜੋ ਲੋਕ ਅੰਬਾਂ ਵਾਲੇ ਪਾਸੇ ਤੋਂ ਖੁਰਬੂਜਿਆਂ ਵੱਲ ਆਏ ਹਨ। ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਅੰਬ ਫਿੱਕਾ ਆ ਰਿਹਾ ਹੈ, ਖੁਰਬੂਜਾ ਖੰਡ ਨਾਲੋਂ ਵੱਧ ਮਿੱਠਾ ਹੈ ਤੇ ਰੇਟ ਵਿੱਚ ਵੀ ਕਿਤੇ ਘੱਟ। ਭਾਅ ਪੱਖੋਂ ਵੀ ਅੰਬ ਮਾਰ ਖਾ ਰਿਹਾ ਹੈ।
ਉਧਰ, ਅੱਜ ਕਲ੍ਹ ਪੈ ਰਹੀ ਤੇਜ਼ ਧੁੱਪ ਤੇ ਗਰਮੀ ਕਾਰਨ ਲੋਕ ਵੈਸੇ ਵੀ ਤਰਬੂਜ ਤੇ ਖਰਬੂਜੇ ਨੂੰ ਗਰਮੀਆਂ ਦਾ ਤੋਹਫ਼ਾ ਮੰਨਦੇ ਹਨ। ਇਸ ਨੂੰ ਵੇਚਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਇਹ ਫਲ ਵੈਸੇ ਸਿਹਤ ਲਈ ਚੰਗਾ ਹੈ, ਕਿਉਂਕਿ ਇਸ ਦੀ ਤਸੀਰ ਠੰਢੀ ਹੁੰਦੀ ਹੈ, ਜਦੋਂਕਿ ਅੰਬ ਗਰਮ ਤਸੀਰ ਦਾ ਹੁੰਦਾ ਹੈ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਵੀ ਬਾਹਰ ਹੋ ਗਿਆ ਹੈ।