ਜੋਗਿੰਦਰ ਸਿੰਘ ਮਾਨ
ਮਾਨਸਾ, 7 ਮਾਰਚ
ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਅੰਦੋਲਨ ਵਿੱਚ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਟਿਕਰੀ ਬਾਰਡਰ ’ਤੇ ਮਨਾਏ ਜਾ ਰਹੇ ਕੌਮਾਂਤਰੀ ਮਹਿਲਾ ਦਿਵਸ ਸਬੰਧੀ ਵੱਡੀ ਪੱਧਰ ’ਤੇ ਔਰਤਾਂ ਮਾਲਵਾ ਖੇਤਰ ’ਚੋਂ ਆਪੋ-ਆਪਣੇ ਸਾਧਨਾਂ ਰਾਹੀਂ ਦਿੱਲੀ ਲਈ ਰਵਾਨਾ ਹੋਈਆਂ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਭਲਕੇ ਦਿੱਲੀ ਵਿਖੇ ਕੀਤੇ ਜਾ ਰਹੇ ਵੱਡੇ ਇਕੱਠ ਲਈ ਅੱਜ ਪਿੰਡ ਭੈਣੀਬਾਘਾ ਤੋਂ ਔਰਤਾਂ ਦਾ ਇੱਕ ਜਥਾ ਬੱਸ ਰਾਹੀਂ ਰਵਾਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੇ ਹੋਰਨਾਂ ਪਿੰਡਾਂ ਵਿਚੋਂ ਇਸ ਕੌਮੀ ਮਹਿਲਾ ਦਿਵਸ ਵਿੱਚ ਭਾਗ ਲੈਣ ਲਈ ਆਪੋ-ਆਪਣੇ ਵਾਹਨਾਂ ਰਾਹੀਂ ਔਰਤਾਂ ਦੇ ਕਾਫ਼ਲੇ ਰਵਾਨਾ ਹੋਏ ਹਨ। ਉਨ੍ਹਾਂ ਕਿਹਾ ਕਿ ਔਰਤਾਂ ਨਾਲ ਹੁੰਦੇ ਸਮਾਜਿਕ ਵਿਤਕਰਿਆਂ ਅਤੇ ਮਰਦਾਵੇਂ-ਜੰਗੀਰੂ ਦਾਬੇ ਤੋਂ ਮੁਕਤੀ ਨਾਲ ਜੁੜੇ ਹੋਏ ਇਸ ਮਹਿਲਾ ਦਿਵਸ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ ਜਾਵੇਗਾ।
ਇਸੇ ਦੌਰਾਨ ਮਾਨਸਾ ਵਿਖੇ ਅੱਜ ਕਿਸਾਨਾਂ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉਤੇ ਦਿੱਲੀ ਮੋਰਚੇ ਦੇ 101 ਦਿਨ ਪੂਰੇ ਹੋਣ ’ਤੇ ਰੇਲਵੇ ਪਾਰਕ ਵਿੱਚ ਰੈਲੀ ਕੀਤੀ ਗਈ ਅਤੇ ਕਾਲੇ ਬਿੱਲੇ ਲਗਾ ਕੇ ਰੋਸ ਮਾਰਚ ਕੀਤਾ ਗਿਆ। ਰੈਲੀ ਨੂੰ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਸੰਘਰਸ਼ ਨੂੰ ਜਿੱਤ ਤੱਕ ਲੈ ਕੇ ਜਾਣ ਤੇ ਆਪਣੀ ਦਿ੍ੜ੍ਹਤਾ ਦਿਖਾਈ ਤੇ ਜਿੱਤ ਵਿੱਚ ਵਿਸ਼ਵਾਸ ਪ੍ਰਗਟ ਕੀਤਾ। ਸਮਾਪਤੀ ਸਮੇਂ ਮਾਨਸਾ ਸ਼ਹਿਰ ਵਿੱਚ ਮਾਰਚ ਕੀਤਾ ਗਿਆ ਤੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਭੱਪਾ ਸਿੰਘ ਖਿਆਲਾ, ਜਗਜੀਤ ਸਿੰਘ ਜੋਗਾ, ਸੀਤਾ ਰਾਮ ਗੋਇਲ, ਜਰਨੈਲ ਸਿੰਘ ਜੋਗਾ, ਤੇਜ ਸਿੰਘ ਚਕੇਰੀਆਂ, ਇਕਬਾਲ ਸਿੰਘ ਮਾਨਸਾ, ਮੇਜਰ ਸਿੰਘ ਦੂਲੋਵਾਲ, ਭਜਨ ਸਿੰਘ ਘੁੰਮਣ ਨੇ ਵੀ ਸੰਬੋਧਨ ਕੀਤਾ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਸਥਾਨਕ ਸ਼ਹਿਰ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਦਿੱਲੀ ਮੋਰਚੇ ’ਚ ਮਨਾਏ ਜਾ ਰਹੇ ‘ਕੌਮਾਂਤਰੀ ਮਹਿਲਾ ਦਿਵਸ’ ਲਈ ਔਰਤਾਂ ਦਾ ਜੱਥਾ ਰਵਾਨਾ ਹੋਇਆ। ਰਵਾਨਗੀ ਤੋਂ ਪਹਿਲਾਂ ਔਰਤਾਂ ਨੇ ਕਿਸਾਨ-ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਬੁਲੰਦ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਦੋਦਾ (ਜਸਵੀਰ ਸਿੰਘ ਭੁੱਲਰ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬੀਬੀਆਂ ਦਾ ਇਕ ਜਥਾ ਦਿੱਲੀ ਵਿਖੇ ਚਲਦੇ ਕਿਸਾਨ ਅੰਦੋਲਨ ਲਈ ਨਾਲ ਦੇ ਪਿੰਡ ਭਲਾਈਆਣਾ ਤੋਂ ਬੱਸ ਰਾਹੀਂ ਰਵਾਨਾ ਹੋਇਆ, ਜੋ ਕਿਸਾਨ ਸਯੁੰਕਤ ਮੋਰਚੇ ਵੱਲੋਂ 8 ਮਾਰਚ ਨੂੰ ਦਿੱਲੀ ਵਿਖੇ ਮਹਿਲਾ ਦਿਵਸ ਵਜੋਂ ਮਹਿਲਾਵਾਂ ਦੀ ਅਗਵਾਈ ਵਿਚ ਕੇਂਦਰ ਦੇ ਖਿਲਾਫ ਰੋਸ ਵਜੋਂ ਮਨਾਇਆ ਜਾਵੇਗਾ। ਕਿਸਾਨ ਮਹਿਲਾਵਾਂ ਅਤੇ ਆਗੂਆਂ ਦਾ ਕਹਿਣਾ ਹੈ ਕਿ ਉਹ ਹਰ ਹਾਲਤ ਵਿਚ ਮੋਦੀ ਦੀ ਕੇਂਦਰ ਸਰਕਾਰ ਨੂੰ ਝੁਕਾਅ ਕੇ ਤਿੰਨੋ ਖੇਤੀ ਕਾਨੂੰਨ ਵਾਪਸ ਕਰਵਾ ਕੇ ਹੀ ਦਮ ਲੈਣਗੇ।
ਮਹਿਲ ਕਲਾਂ (ਨਵਕਿਰਨ ਸਿੰਘ): ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨ ’ਚ ਮਨਾਏ ਜਾ ਰਹੇ ਔਰਤ ਦਿਵਸ ਵਿੱਚ ਸ਼ਾਮਲ ਹੋਣ ਲਈ ਅੱਜ ਮਹਿਲ ਕਲਾਂ ਖੇਤਰ ’ਚੋਂ ਔਰਤਾਂ ਦੇ ਜਥੇ ਦਿੱਲੀ ਲਈ ਰਵਾਨਾ ਹੋਏ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਔਰਤ ਦਿਵਸ ਦੀ ਤਿਆਰੀ ਲਈ ਇਲਾਕੇ ਵਿੱਚ ਔਰਤਾਂ ਦੀ ਅਗਵਾਈ ਹੇਠ ਟਰੈਕਟਰ ਮਾਰਚ ਕੀਤਾ ਗਿਆ ਸੀ ਜਿਸ ਦੇ ਅਸਰ ਵਜੋਂ ਅੱਜ ਔਰਤਾਂ ਦੇ ਵਿਸ਼ਾਲ ਕਾਫਲੇ ਰਵਾਨਾ ਹੋਏ ਹਨ। ਬੀਕੇਯੂ (ਡਕੌਂਦਾ) ਦੇ ਆਗੂ ਮਲਕੀਤ ਸਿੰਘ ਮਹਿਲ ਕਲਾਂ ਨੇ ਦੱਸਿਆ ਕਿ ਉਨ੍ਹਾਂ ਦੀ ਜਥੇਬੰਦੀ ਵੱਲੋਂ ਔਰਤਾਂ ਦੀਆ ਚਾਰ ਬੱਸਾਂ ਰਵਾਨਾ ਹੋਈਆਂ ਹਨ ਤੇ ਕੁੱਝ ਪਿੰਡਾਂ ’ਚੋਂ ਛੋਟੇ ਵਾਹਨ ਦਿੱਲੀ ਗਏ ਹਨ।
ਵਕੀਲਾਂ ਦੀ ਅਗਵਾਈ ਹੇਠ ਜਥਾ ਦਿੱਲੀ ਰਵਾਨਾ
ਮੋਗਾ (ਨਿੱਜੀ ਪੱਤਰ ਪ੍ਰੇਰਕ): ਕੇਂਦਰ ਸਰਕਾਰ ਵੱਲੋਂ ਲਿਆਂਦੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਵਿਖੇ ਚੱਲ ਰਹੇ ਸ਼ਾਤਮਈ ਅੰਦੋਲਨ ’ਚ ਸ਼ਾਮਲ ਹੋਣ ਲਈ ਇਥੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਬੈਨਰ ਹੇਠ ਵਕੀਲਾਂ ਦੀ ਅਗਵਾਈ ਹੇਠ ਜਥਾ ਦਿੱਲੀ ਲਈ ਰਵਾਨਾ ਹੋਇਆ। ਇਸ ਮੌਕੇ ਐਡਵੋਕੇਟ ਰਵਿੰਦਰ ਕੌਰ, ਪ੍ਰਗਤੀਸ਼ੀਲ ਇਸਤਰੀ ਮੰਚ ਪ੍ਰਧਾਨ ਸੁਖਜੀਤ ਕੌਰ, ਸਕੱਤਰ ਸ਼ਰਨਜੀਤ ਕੌਰ ਦੀ ਅਗਵਾਈ ਹੇਠ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ਦੇਸ਼ ਦੇ ਚੰਦ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਖਾਤਰ ਮੋਦੀ ਸਰਕਾਰ ਨੇ ਕਿਸਾਨ ਨੂੰ ਸੜਕਾਂ ਤੇ ਰੁਲਣ ਲਈ ਮਜਬੂਰ ਕੀਤਾ ਹੈ ਅਤੇ ਸਾਂਤਮਈ ਸੰਘਰਸ਼ ਨੂੰ ਤਾਰੋਪੀਡੋ ਕਰਨ ਦੀਆਂ ਕੋਝੀਆਂ ਚਾਲਾਂ ਚੱਲੀਆਂ ਹਨ ਪਰ ਉਹ ਇਸ ਵਿੱਚ ਕਾਮਯਾਬ ਨਹੀਂ ਹੋਵੇਗੀ।