ਜੋਗਿੰਦਰ ਸਿੰਘ ਮਾਨ
ਮਾਨਸਾ, 30 ਦਸੰਬਰ
ਸੂਬੇ ਵਿੱਚ ਸੀਤ ਲਹਿਰ ਚੱਲਣੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਦੇ 13 ਜ਼ਿਲ੍ਹਿਆਂ ਵਿੱਚ ਪਾਰਾ 5 ਡਿਗਰੀ ਤੋਂ ਥੱਲੇ ਦਰਜ ਹੋਇਆ ਹੈ, ਜਦੋਂ ਕਿ ਬਾਕੀ ਦੇ ਜ਼ਿਲ੍ਹਿਆਂ ਵਿੱਚ 5 ਤੋਂ 7 ਡਿਗਰੀ ਰਿਹਾ ਹੈ। ਮੌਸਮ ਵਿੱਚ ਇਹ ਬਦਲਾਅ ਪਹਾੜਾਂ ਉਤੇ ਹੋਈ ਬਰਫ਼ਬਾਰੀ ਦੇ ਚੱਲਦੇ ਵੇਖਣ ਨੂੰ ਮਿਲਿਆ ਹੈ। ਮੌਸਮ ਮਾਹਿਰਾਂ ਅਨੁਸਾਰ ਪਹਾੜੀ ਦਿਸ਼ਾਵਾਂ ਤੋਂ ਹਵਾਵਾਂ ਇਸ ਸਮੇਂ ਮੈਦਾਨੀ ਇਲਾਕਿਆਂ ਵੱਲ ਆਉਣ ਕਾਰਨ ਇਹ ਪਾਰਾ ਹੇਠਾਂ ਡਿੱਗਣ ਨਾਲ ਕੜਾਕੇ ਦੀ ਠੰਢ ਵਾਲਾ ਮੌਸਮ ਬਣ ਗਿਆ ਹੈ, ਜਿਸ ਕਾਰਨ ਲਗਾਤਾਰ 2 ਜਨਵਰੀ ਤੱਕ ਅਜਿਹਾ ਰਹਿਣ ਦਾ ਖਦਸ਼ਾ ਹੈ। ਇਸ ਸੁੱਕੀ ਠੰਢ ਨੂੰ ਮਨੁੱਖਾਂ ਦੇ ਨਾਲ-ਨਾਲ ਪਸ਼ੂਆਂ, ਪੰਛੀਆਂ ਸਮੇਤ ਫ਼ਸਲਾਂ ਲਈ ਭਾਰੀ ਨੁਕਸਾਨਦਾਇਕ ਮੰਨਿਆ ਜਾ ਰਿਹਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਮਹਿਕਮੇ ਦੇ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਅੱਜ ਵੀਰਵਾਰ ਨੂੰ ਸ਼ੀਤ ਲਹਿਰ ਲਗਾਤਾਰ ਚੱਲ ਰਹੀ ਹੈ, ਉਨ੍ਹਾਂ ਦੱਸਿਆ ਕਿ ਮਾਲਵਾ ਖੇਤਰ ਵਿੱਚ ਵੀ ਪਾਰਾ ਬਹੁਤ ਥੱਲੇ ਆਇਆ ਹੈ ਅਤੇ ਬਠਿੰਡਾ ਵਿੱਚ 2.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਕੀਤਾ ਗਿਆ ਹੈ, ਜਦੋਂ ਕਿ ਇਸ ਖੇਤਰ ਵਿੱਚ ਮੋਗਾ, ਸੰਗਰੂਰ, ਮੁਕਤਸਰ ਦੇ ਤਾਪਮਾਨ ਵਿੱਚ ਵੀ ਗਿਰਾਵਟ ਆਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਕਈ ਸ਼ਹਿਰਾਂ ’ਚ ਘੱਟ ਤੋਂ ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਹੇਠਾਂ ਰਿਹਾ ਹੈ। ਉਨ੍ਹਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਦੇ ਮਾਲਵਾ ਖੇਤਰ ਨਾਲ ਲੱਗਦੇ ਹਰਿਆਣਾ ਦੇ ਜ਼ਿਲ੍ਹੇ ਸਿਰਸਾ, ਫਤਿਆਬਾਦ, ਹਿਸਾਰ ਵਿੱਚ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਥੱਲੇ ਰਹਿਣ ਦੀਆਂ ਸੂਚਨਾਵਾਂ ਹਾਸਲ ਹੋਈਆਂ ਹਨ, ਜਦੋਂ ਕਿ ਚੰਡੀਗੜ੍ਹ ਨਾਲ ਲੱਗਦੇ ਪੰਚਕੂਲਾ ਅਤੇ ਕਰਨਾਲ, ਰੋਹਤਕ, ਗੁਰੂਗ੍ਰਾਮ ਤੋਂ ਤਾਪਮਾਨ 4 ਡਿਗਰੀ ਸੈਲਸੀਅਸ ਤੋਂ ਥੱਲੇ ਰਹਿਣ ਦੀਆਂ ਜਾਣਕਾਰੀ ਮਿਲੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜਨਵਰੀ ਦੇ ਪਹਿਲੇ ਹਫ਼ਤੇ ਮੀਂਹ ਪੈਣ ਦੀਆਂ ਸੰਭਾਵਨਾਵਾਂ ਹਨ ਅਤੇ 4 ਜਨਵਰੀ ਨੂੰ ਮੌਸਮ ਪ੍ਰਬੰਧ ਵਿੱਚ ਅਸਰ ਵਿਖਾਈ ਦੇਵੇਗਾ ਅਤੇ 5 ਤੋਂ 7 ਜਨਵਰੀ ਤੱਕ ਗਹਿਰੇ ਬੱਦਲ ਛਾਏ ਰਹਿਣਗੇ ਅਤੇ ਹਲਕੀ ਤੇ ਦਰਮਿਆਨੇ ਦਰਜੇ ਦੀ ਵਰਖਾ ਪੈਣ ਦੀ ਆਸ ਹੈ।
ਇਸੇ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਫ਼ਸਲ ਵਿਭਾਗ ਦੇ ਵਿਗਿਆਨੀ ਡਾ. ਜੀਐਸ ਰੋਮਾਣਾ ਨੇ ਦੱਸਿਆ ਕਿ ਇਸ ਸੁੱਕੀ ਠੰਢ ਤੋਂ ਫ਼ਸਲਾਂ ਨੂੰ ਬਚਾਉਣ ਲਈ ਲਗਾਤਾਰ ਪਾਣੀ ਦੇਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਆਲੂਆਂ ਅਤੇ ਫ਼ਲੀਦਾਰ ਫ਼ਸਲਾਂ ਲਈ ਪਾਣੀ ਦੇਣਾ ਬੇਹੱਦ ਲਾਜ਼ਮੀ ਹੈ ਤਾਂ ਜੋ ਉਹ ਠੰਢ ਦਾ ਟਾਕਰਾ ਕਰ ਸਕਣ।