ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਗਸਤ
ਦਿੱਲੀ ਵਿੱਚ ਪਿਛਲੇ 24 ਘੰਟਿਆਂ ਤੋਂ ਪੈ ਰਹੇ ਮੀਂਹ ਨੇ ਹੁਣ ਨਰਮਾ ਪੱਟੀ ਵਿਚਲੇ ਕਿਸਾਨਾਂ ਦੇ ਸਾਹ ਸੂਤ ਦਿੱਤੇ ਹਨ। ਮਾਲਵਾ ਪੱਟੀ ਵਿੱਚ ਅੱਜ ਕੁਝ ਥਾਵਾਂ ’ਤੇ ਹਲਕੀ ਬੰੂੰਦਾਬਾਂਦੀ ਹੋਈ ਹੈ ਪਰ ਭਾਦੋਂ ਮਹੀਨੇ ਪੈਂਦੀਆਂ ਹਲਕੀਆਂ ਕਣੀਆਂ ਨੂੰ ਝੜੀ ਦੇ ਰੂਪ ਵਿੱਚ ਕਿਸਾਨਾਂ ਵੱਲੋਂ ਵੱਡਾ ਡਰ ਮੰਨਿਆ ਜਾਂਦਾ ਹੈ। ਮੌਸਮ ਵਿਭਾਗ ਵੱਲੋਂ ਪੰਜਾਬ ਵਿੱਚ ਮੀਂਹ ਪੈਣ ਦੀਆਂ ਦਿੱਤੀਆਂ ਸੂਚਨਾਵਾਂ ਤੋਂ ਬਾਅਦ ਹੁਣ ਨਰਮਾ ਉਤਪਾਦਕ ਝੋਰਾ ਮਹਿਸੂਸ ਕਰਨ ਲੱਗੇ ਹਨ, ਹਾਲਾਂਕਿ ਖੇਤੀਬਾੜੀ ਵਿਭਾਗ ਦੇ ਅਧਿਕਾਰੀ ਇਸ ਮੀਂਹ ਨੂੰ ਸਾਉਣੀ ਦੀਆਂ ਸਾਰੀਆਂ ਫਸਲਾਂ ਲਈ ਲਾਭਦਾਇਕ ਦੱਸ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਭਾਦੋਂ ਦੀ ਝੜੀ ਨਰਮੇ ਦੀ ਫੁੱਲ ਬੂਕੀ ਡੇਗ ਦਿੰਦੀ ਹੈ ਅਤੇ ਖੇਤਾਂ ਵਿਚ ਮੀਂਹ ਦੇ ਭਾਰ ਨਾਲ ਨਰਮੇ ਟੇਡੇ ਹੋਕੇ ਡਿੱਗਣ ਲੱਗ ਜਾਂਦੇ ਹਨ।
ਦਿਲਚਸਪ ਗੱਲ ਹੈ ਕਿ ਇਸ ਵਾਰ ਨਰਮੇ ਦੀ ਫ਼ਸਲ ਬੇਹੱਦ ਵਧੀਆ ਸੀ ਅਤੇ ਹੁਣ ਪੈਣ ਲੱਗੀਆਂ ਹਲਕੀਆਂ ਕਣੀਆਂ ਨੇ ਕਿਸਾਨਾਂ ਵਿਚ ਘਬਰਾਹਟ ਖੜ੍ਹੀ ਕਰ ਦਿੱਤੀ ਹੈ। ਹੋਰ ਮੀਂਹ ਆਉਣ ਦੀਆਂ ਖ਼ਬਰਾਂ ਨੇ ਕਿਸਾਨਾਂ ਨੂੰ ਝੋਰਾ ਲਾ ਦਿੱਤਾ ਹੈ, ਕਿਉਂਕਿ ਲਗਾਤਾਰ ਮੀਂਹ ਪੈਣ ਨਾਲ ਨਰਮੇ ਦੀ ਫੁੱਲ-ਬੁੱਕੀ ਕਿਰ ਜਾਂਦੀ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮੀਂਹ ਨੇ ਜਿੱਥੇ ਫ਼ਸਲਾਂ ਦੇ ਝਾੜ ਵਿਚ ਵਾਧਾ ਕਰਨਾ ਹੈ, ਉਥੇ ਇਸ ਨਾਲ ਨਰਮੇ ਅਤੇ ਝੋਨੇ ਉਪਰ ਪੈਦਾ ਹੋਣ ਜਾ ਰਹੀਆਂ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਦਿਵਾਉਣ ਵਿਚ ਸਹਾਈ ਸਿੱਧ ਹੋਵੇਗਾ। ਮਾਨਸਾ ਦੇ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਵੇਲੇ ਮੀਂਹ ਦੀ ਨਰਮੇ ਅਤੇ ਝੋਨੇ ਦੀ ਫ਼ਸਲ ਸਮੇਤ ਹੋਰ ਸਾਰੀਆਂ ਫ਼ਸਲਾਂ ਨੂੰ ਸਖ਼ਤ ਜ਼ਰੂਰਤ ਸੀ ਅਤੇ ਇਸ ਮੀਂਹ ਨਾਲ ਹੁਣ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਅਤੇ ਹਰੇ ਤੇਲੇ ਦਾ ਬਿਲਕੁਲ ਛੁਟਕਾਰਾ ਹੋ ਜਾਵੇਗਾ, ਜਦੋਂ ਕਿ ਕਿਸਾਨਾਂ ਨੂੰ ਕੀਟਨਾਸ਼ਕ ਦਵਾਈ ਛਿੜਕਣ ਦੀ ਲੋੜ ਹੀ ਨਹੀਂ ਪਵੇਗੀ। ਉਧਰ ਪਿੰਡ ਫਫੜੇ ਭਾਈਕੇ ਦੇ ਸਰਪੰਚ ਅਤੇ ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਇਕਬਾਲ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਕਿਸਾਨਾਂ ਨੇ ਆਪਣੀ ਪੁੱਤਰਾਂ ਵਾਂਗ ਨਰਮੇ ਅਤੇ ਝੋਨੇ ਦੀ ਫ਼ਸਲ ਨੂੰ ਹੁਣ ਤੱਕ ਮਸਾਂ ਪਾਲਿਆਂ ਸੀ, ਪਰ ਜਦੋਂ ਹੁਣ ਨਰਮੇ ਦੇ ਫੁੱਲ ਫ਼ਲ ਚੁੱਕਿਆ ਸੀ ਤਾਂ ਹੁਣ ਬਾਰਸ਼ ਨੇ ਮੁਸ਼ਕਲਾ ਵਧਾ ਦਿੱਤੀ ਹੈ।