ਲਖਵਿੰਦਰ ਸਿੰਘ
ਮਲੋਟ, 9 ਨਵੰਬਰ
ਡੀਏਪੀ ਖਾਦ ਨਾ ਮਿਲਣ ਕਰਕੇ ਤਲਖ਼ ਹੋਏ ਕਿਸਾਨਾਂ ਨੇ ਸਥਾਨਕ ਤਿਕੋਣੀ ਚੌਕ ਵਿਖੇ ਜਾਮ ਲਗਾ ਦਿੱਤਾ ਅਤੇ ਮਾੜੇ ਪ੍ਰਬੰਧਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਹ ਜਾਮ ਕਰੀਬ ਤਿੰਨ ਘੰਟੇ ਲੱਗਿਆ ਰਿਹਾ। ਇਸ ਮੌਕੇ ਹਾਜ਼ਰ ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਹਰਭਜਨ ਸਿੰਘ, ਹਰਪਿੰਦਰ ਸਿੰਘ , ਬਖਸ਼ੀਸ਼ ਸਿੰਘ, ਜਰਮਲ ਸਿੰਘ, ਗੁਰਜੰਟ ਸਿੰਘ ਨੇ ਦੱਸਿਆ ਕਿ ਉਹ ਰਾਤ ਦੇ ਬੈਠੇ ਹਨ, ਉਨ੍ਹਾਂ ਨੂੰ ਖਾਦ ਦੀਆਂ ਪਰਚੀਆਂ ਦਿੱਤੀਆਂ ਗਈਆਂ ਸਨ ਪਰ ਅਗਲੇ ਦਿਨ ਉਹ ਖਾਦ ਲੈਣ ਲਈ ਜਦ ਕਤਾਰ ਵਿੱਚ ਲੱਗੇ ਤਾਂ ਪਤਾ ਲੱਗਿਆ ਕਿ ਪ੍ਰਬੰਧਕ ਫਿਰ ਦੁਬਾਰਾ ਪਰਚੀਆਂ ਨਵੇਂ ਸਿਰੇ ਤੋਂ ਦੇਣ ਲੱਗੇ, ਜਿਸ ਕਾਰਨ ਵਿਵਾਦ ਹੋਇਆ। ਖੇਤੀਬਾੜੀ ਵਿਭਾਗ ਦੇ ਏਡੀਓ ਪਰਮਿੰਦਰ ਸਿੰਘ ਨੇ ਮੌਕੇ ’ਤੇ ਪਹੁੰਚ ਕੇ ਕਿਸਾਨਾਂ ਨੂੰ ਸ਼ਾਂਤ ਕੀਤਾ ਅਤੇ ਵਿਸ਼ਵਾਸ ਦੁਆਇਆ ਕਿ ਹਰ ਕਿਸਾਨ ਨੂੰ ਵਾਰੀ ਸਿਰ ਖਾਦ ਮਿਲੇਗੀ।