ਮਹਿੰਦਰ ਸਿੰਘ ਰੱਤੀਆਂ
ਮੋਗਾ, 9 ਫ਼ਰਵਰੀ
ਸਤਲੁਜ ਦਰਿਆ ਦੇ ਨਾਲ ਲਗਦੇ ਔਖੀ ਪਹੁੰਚ ਵਾਲੇ ਮੰਡ ਦੇ ਖੇਤਰਾਂ ’ਚ ਪੁਲੀਸ ਨੇ ਨਾਜਾਇਜ਼ ਸ਼ਰਾਬ ਕਾਰੋਬਾਰ ’ਤੇ ਸ਼ਿਕੰਜ਼ਾ ਹੋਰ ਕੱਸ ਦਿੱਤਾ ਹੈ। ਦੂਜੇ ਪਾਸੇ ਇਸ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਤੇ ਆਰਥਿਕ ਪੀੜ ਵੀ ਦਰਦ ਭਰੀ ਹੈ। ਐੱਸਐੱਸਪੀ ਚਰਨਜੀਤ ਸਿੰਘ ਸੋਹਲ ਤੇ ਡੀਐੱਸਪੀ ਧਰਮਕੋਟ ਨੇ ਦੱਸਿਆ ਕਿ ਆਬਕਾਰੀ ਵਿਭਾਗ ਟੀਮਾਂ ਦੇ ਸਹਿਯੋਗ ਨਾਲ ਔਖੀ ਪਹੁੰਚ ਵਾਲੇ ਮੰਡ ਦੇ ਖੇਤਰ ’ਚ ਸਤਲੁਜ ਦਰਿਆ ਦੇ ਕੰਢੇ, ਸਰਕੰਡਿਆਂ ਵਿੱਚ ਖੋਜੀ ਕੁੱਤਿਆਂ ਦੀ ਮਦਦ ਨਾਲ ਤਲਾਸ਼ੀ ਲੈਣ ਦੌਰਾਨ ਧਰਤੀ ’ਚ ਦੱਬੀ 47 ਹਜ਼ਾਰ ਲਿਟਰ ਲਾਹਣ, 317 ਲਿਟਰ ਬੇੜੀ, ਸ਼ਰਾਬ 7 ਡਰੰਮ, ਟਿਊਬਾਂ, ਪਤੀਲੇ ਤੇ ਹੋਰ ਸਮਾਨ ਜ਼ਬਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਜਾਇਜ ਸ਼ਰਾਬ ਦੇ ਕਾਰੋਬਾਰ ਨੂੰ ਨੱਥ ਪਾਉਣ ਲਈ ਸ਼ੁਰੂ ਕੀਤੇ ਗਈ ਵਿਸ਼ੇਸ਼ ਕਾਰਵਾਈ ਜਾਰੀ ਰਹੇਗੀ। ਉਨ੍ਹਾਂ ਦੱਸਿਆ ਕਿ ਸ਼ਰਾਬ ਤਸਕਰ ਸੁੱਖਾ ਸਿੰਘ ਤੇ ਬੁੱਗੀ ਸਿੰਘ ਦੋਵੇਂ ਪਿੰਡ ਗੱਟੀ ਜੱਟਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ ਪਰ ਉਹ ਫ਼ਰਾਰ ਹਨ।
ਸਮੱਸਿਆਵਾਂ ’ਚ ਘਿਰੇ ਮੰਡ, ਬੇਟ ਇਲਾਕੇ ਦੇ ਲੋਕ
ਇਸ ਖੇਤਰ ਦੇ ਲੋਕਾਂ ਮੁਤਾਬਕ ਉਨ੍ਹਾਂ ਸਤਲੁਜ ਦਰਿਆ ਅੰਦਰ ਜ਼ਮੀਨ ਨੂੰ ਅਬਾਦ ਕੀਤਾ। ਸੱਪਾਂ ਦੀਆਂ ਸਿਰੀਆਂ ਮਿੱਧ ਕੇ ਸਰਕੰਡਾ ਕਾਹੀ ਆਦਿ ਸਾਫ ਕਰਕੇ ਜ਼ਮੀਨ ਨੂੰ ਖੇਤੀ ਯੋਗ ਕੀਤਾ। ਦਰਿਆ ਦਾ ਪਾਣੀ ਬਹੁਤੀ ਵਾਰ ਫਸਲ ਦੀ ਤਬਾਹੀ ਵੀ ਕਰ ਦਿੰਦਾ। ਹੜ੍ਹਾਂ ਕਾਰਨ ਕਈ ਵਾਰ ਘਰਾਂ ਦਾ ਸਮਾਨ ਵੀ ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹ ਜਾਂਦਾ ਹੈ। ਬੰਨ੍ਹਾਂ ਉੱਤੇ ਬੈਠ ਕੇ ਦਿਨ ਕਟੀ ਕਰਨ ਵਾਲੇ ਇਹ ਲੋਕ ਹੜ੍ਹ ਆਉਣ ਵੇਲੇ ਲੋਕਾਂ ਦੇ ਆਸਰੇ ਹੀ ਜਿਉਂਦੇ ਰਹੇ ਹਨ। ਇਕ ਨਵੀਂ ਆਸ ਨਾਲ ਫਿਰ ਤੋਂ ਇਹ ਲੋਕ ਆਪਣਾ ਜੀਵਨ ਆਰੰਭ ਕਰ ਲੈਂਦੇ ਹਨ। ਹੜ੍ਹਾਂ ਦੇ ਭੰਨੇ ਲੋਕਾਂ ਦਾ ਕਹਿਣਾ ਹੈ ਕਿ ਉਹ ਆਪਣੇ ਘਰ ਦਾ ਦਾਲ ਫੁਲਕਾ ਚਲਾਉਣ ਲਈ ਮੰਡ ਖੇਤਰ ’ਚ ਦੇਸੀ ਸ਼ਰਾਬ ਕੱਢਦੇ ਹਨ। ਇਸ ਕੰਮ ’ਚ ਉਨ੍ਹਾਂ ਦਾ ਸਹਾਰਾ ਸਤਲੁਜ ਦਰਿਆ ਹੈ। ਦਰਿਆ ਸਦਕਾ ਉਨ੍ਹਾਂ ਦਾ ‘ਰੁਜ਼ਗਾਰ’ ਚਲਦਾ ਹੈ। ਸ਼ਰਾਬ ਕੱਢਣ ਲਈ ਗੁੜ, ਉਹ ਟਿਊਬਾਂ ਦੇ ਸਹਾਰੇ ਲੈ ਕੇ ਇਧਰੋਂ ਉੱਧਰ ਅਤੇ ਉੱਧਰੋਂ ਇਧਰ ਲਿਜਾਂਦੇ ਹਨ। ਟਰੱਕਾਂ ਦੀਆਂ ਪੁਰਾਣੀਆਂ ਟਿਊਬਾਂ ‘ਚ ਹਵਾ ਭਰਕੇ ਇਸ ਢੰਗ ਨਾਲ ਇਨ੍ਹਾਂ ਟਿਊਬਾਂ ਨੂੰ ਜੋੜਦੇ ਹਨ, ਜਿਸ ਨਾਲ ਉਹ 15-15 ਮਣ ਗੁੜ ਦਰਿਆ ’ਚ ਆਰ ਪਾਰ ਕਰਵਾ ਲੈਂਦੇ ਹਨ। ਤਿਆਰ ਕੀਤੀ ਦੇਸੀ ਸ਼ਰਾਬ ਬੇੜੀ ਜਾਂ ਇਨ੍ਹਾਂ ਟਿਊਬਾਂ ਦੇ ਸਹਾਰੇ ਹੀ ਇਧਰੋਂ ਉੱਧਰ ਜਾਂਦੀ ਹੈ। ਪੁਲੀਸ ਦੀ ਕੋਈ ਕਾਰਵਾਈ ਹੋਣ ਦੀ ਸ਼ੱਕ ਹੋਵੇ ਤਾਂ ਉਹ ਟਿਊਬਾਂ ਨੂੰ ਦਰਿਆ ਦੇ ਪਾਣੀ ’ਚ ਹੀ ਲਕੋ ਦਿੰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਚੋਣਾਂ ਦੌਰਾਨ ਥੋਕ ਦੇ ਗਾਹਕ ਮਿਲ ਜਾਂਦੇ ਹਨ। ਜਦੋਂ ਪੁਲੀਸ ਛਾਪੇ ਮਾਰਦੀ ਹੈ ਤਾਂ ਇਨ੍ਹਾਂ ਲੋਕਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਭੁੱਖੇ ਮਰਦੇ ਦੱਸੋ ਕੀ ਕਰੀਏ।