ਲਖਵੀਰ ਸਿੰਘ ਚੀਮਾ
ਟੱਲਵਾਲ, 1 ਜੁਲਾਈ
ਫ਼ਸਲੀ ਵਿਭਿੰਨਤਾ ਤਹਿਤ ਕਿਸਾਨਾਂ ਵਲੋਂ ਮੱਕੀ ਦੀ ਫ਼ਸਲ ਦੀ ਕਾਸ਼ਤ ਵਧੇਰੇ ਕੀਤੀ ਜਾਣ ਲੱਗੀ ਹੈ। ਕਿਸਾਨ ਜਿੱਥੇ ਮੱਕੀ ਦੀ ਫ਼ਸਲ ਵੇਚ ਕੇ ਮੁਨਾਫ਼ਾ ਕਮਾ ਰਹੇ ਹਨ, ਉੁਥੇ ਪਸ਼ੂ ਪਾਲਕ ਕਿਸਾਨਾਂ ਵਲੋਂ ਮੱਕੀ ਦੀ ਵਰਤੋਂ ਪਸ਼ੂਆਂ ਲਈ ਆਚਾਰ ਬਣਾ ਕੇ ਵੀ ਕੀਤੀ ਜਾ ਰਹੀ ਹੈ। ਮੱਕੀ ਦਾ ਆਚਾਰ ਪਸ਼ੂ ਪਾਲਕਾਂ ਲਈ ਵਰਦਾਨ ਹੀ ਸਾਬਤ ਹੋ ਰਿਹਾ ਹੈ। ਗਾਗੇਵਾਲ ਦੇ ਮੱਕੀ ਕਾਸ਼ਤਕਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪਿਛਲੇ ਚਾਰ ਸਾਲਾਂ ਤੋਂ ਮੱਕੀ ਦੀ ਖੇਤੀ ਕੀਤੀ ਜਾ ਰਹੀ ਹੈ ਅਤੇ ਮੱਕੀ ਦਾ ਆਚਾਰ ਪਸ਼ੂਆਂ ਲਈ ਪਾਇਆ ਜਾ ਰਿਹਾ ਹੈ।
ਇਸ ਸਬੰਧੀ ਜ਼ਿਲ੍ਹਾ ਖੇਤੀਬਾੜੀ ਅਧਿਕਾਰੀ ਡਾ. ਬਲਦੇਵ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ’ਚ ਐਂਤਕੀ 3500 ਹੈਕਟੇਅਰ ਦੇ ਕਰੀਬ ਮੱਕੀ ਦੀ ਕਾਸ਼ਤ ਕੀਤੀ ਗਈ ਹੈ। ਜਿਨ੍ਹਾਂ ’ਚੋਂ ਬਹੁਤੇ ਕਿਸਾਨਾਂ ਵਲੋਂ ਮੱਕੀ ਨੂੰ ਪਸ਼ੂਆਂ ਲਈ ਆਚਾਰ ਦੇ ਤੌਰ ’ਤੇ ਵਰਤਿਆ ਜਾਵੇਗਾ ਕਿਉਂਕਿ ਇਸ ਨਾਲ ਪਸ਼ੂਆਂ ਦੇ ਦੁੱਧ ਉਤਪਾਦਨ ਵਿੱਚ ਵਾਧਾ ਹੁੰਦਾ ਹੈ।