ਖੇਤਰੀ ਪ੍ਰਤੀਨਿਧ
ਬਰਨਾਲਾ, 11 ਮਾਰਚ
ਨੇੜਲੇ ਪਿੰਡ ਸੇਖਾ ਦੇ ਕੈਨੇਡਾ ਵਸਦੇ ਐੱਨਆਰਆਈ ਮੋਹਨ ਸਿੰਘ ਮਾਨ ਨੇ ਮੋਦੀ ਹਕੂਮਤ ਦੇ ਥੋਪੇ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਚੱਲ ਰਹੇ ਲੰਮੇਰੇ ਸੰਘਰਸ਼ ਦੇ ਮੱਦੇਨਜ਼ਰ ਆਪਣੇ ਪਿੰਡ ਦੀ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਇਕਾਈ ਨੂੰ ਮਹਿੰਦਰਾ ਪਿਕਅੱਪ ਗੱਡੀ ਦਾਨ ਕੀਤੀ। ਪਿੰਡ ਦੇ ਮਾਨਾ ਪੱਤੀ ਬੱਸ ਅੱਡੇ ’ਤੇ ਇਕੱਤਰਤਾ ਦੌਰਾਨ ਮੋਹਨ ਸਿੰਘ ਮਾਨ ਨੇ ਕਿਹਾ ਕਿ ਉਹ ਆਪਣੇ ਸਵਰਗਵਾਸੀ ਬਜ਼ੁਰਗ ਹਰਨਾਮ ਸਿੰਘ ਮਾਨ ਤੇ ਗੁਰਨਾਮ ਸਿੰਘ ਮਾਨ (ਦਿੱਲੀ ਵਾਲੇ) ਦੀ ਯਾਦ ਨੂੰ ਸਮਰਪਿਤ ਤੇ ਮੌਜੂਦਾ ਸੰਘਰਸ਼ ਲੋੜਾਂ ਨੂੰ ਦੇਖਦਿਆਂ ਇਹ ਗੱਡੀ ਯੂਨੀਅਨ ਆਗੂਆਂ ਨੂੰ ਸੌਂਪੀ ਹੈ ਤਾਂ ਕਿ ਦਿੱਲੀ ਤੇ ਸਥਾਨਕ ਸੰਘਰਸ਼ੀ ਮੋਰਚਿਆਂ ’ਤੇ ਪਹੁੰਚਣ ਵਿੱਚ ਆਗੂਆਂ ਤੇ ਵਰਕਰਾਂ ਨੂੰ ਕੁਝ ਆਸਾਨੀ ਹੋ ਸਕੇ| ਯੂਨੀਅਨ ਦੇ ਇਕਾਈ ਪ੍ਰਧਾਨ ਬਲਦੇਵ ਸਿੰਘ ਮਾਨ ਨੇ ਗੱਡੀ ਦੀ ਚਾਬੀ ਹਾਸਿਲ ਕਰਦਿਆਂ ਜਿੱਥੇ ਮੋਹਨ ਸਿੰਘ ਮਾਨ ਦੀਆਂ ਸੰਘਰਸ਼ ਪ੍ਰਤੀ ਸੇਵਾਵਾਂ ਦੀ ਸ਼ਲਾਘਾ ਕੀਤੀ ਉੱਥੇ ਕਿਹਾ ਕਿ ਪ੍ਰਦੇਸ਼ ਵਸਣ ਦੇ ਬਾਵਜੂਦ ਜੋ ਆਪਣੀ ਮਾਤ ਭੂਮੀ ਦੀਆਂ ਚਿੰਤਾਵਾਂ ’ਚ ਸ਼ਾਮਲ ਹੁੰਦੇ ਹਨ ਉਹ ਲੋਕ ਆਪਣੀ ਮਿੱਟੀ ਦਾ ਮੋਹ ਪਾਲਦੇ ਤੇ ਮੁੱਲ ਤਾਰਦੇ ਹਨ| ਦੱਸਣਯੋਗ ਹੈ ਕਿ ਕੈਨੇਡੀਅਨ ਮੋਹਨ ਸਿੰਘ ਨੇ ਥੋੜਾ ਸਮਾਂ ਪਹਿਲਾਂ ਹੀ ਇਕਾਈ ਨੂੰ 50 ਹਜ਼ਾਰ ਰੁਪਏ ਨਕਦ ਸਹਾਇਤਾ ਵੀ ਕੀਤੀ ਸੀ|
ਗਰਮੀ ਨਾਲ ਨਿਪਟਣ ਦੇ ਪ੍ਰਬੰਧਾਂ ਵਿੱਚ ਜੁਟੇ ਕਿਸਾਨ
ਟੱਲੇਵਾਲ (ਲਖਵੀਰ ਸਿੰਘ ਚੀਮਾ) ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਬਾਰਡਰਾਂ ’ਤੇ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਇਸ ਸੰਘਰਸ਼ ਵਿੱਚ ਸ਼ਾਮਲ ਹੋਣ ਲਈ ਕਿਸਾਨਾਂ ਦੇ ਕਾਫਲੇ ਦਿੱਲੀ ਮੋਰਚੇ ਲਈ ਰਵਾਨਾ ਹੋ ਰਹੇ ਹਨ। ਇਸ ਸੰਘਰਸ਼ ਦੌਰਾਨ ਕਿਸਾਨਾਂ ਵੱਲੋਂ ਆਉਣ ਵਾਲੇ ਗਰਮੀ ਦੇ ਮੌਸਮ ਨਾਲ ਨਿਪਟਣ ਲਈ ਪ੍ਰਬੰਧ ਕੀਤੇ ਜਾ ਰਹੇ ਹਨ। ਕਿਸਾਨਾਂ ਵੱਲੋਂ ਪਿੰਡਾਂ ਵਿੱਚੋਂ ਏਸੀ, ਕੂਲਰ, ਪੱਖੇ, ਮੱਛਰਦਾਨੀਆਂ, ਫ਼ਿਜ਼ ਤੇ ਆਰਜੀ ਘਰ ਬਣਾਉਣ ਦਾ ਸਾਮਾਨ ਦਿੱਲੀ ਲਿਜਾਣਾ ਸ਼ੁਰੂ ਕਰ ਦਿੱਤਾ ਗਿਆ ਹੈ।ਪਿੰਡ ਚੀਮਾ ਤੋਂ ਦਿੱਲੀ ਜਾ ਰਹੇ ਕਿਸਾਨਾਂ ਜੀਵਨ ਸਿੰਘ ਧਾਲੀਵਾਲ ਤੇ ਹਰਵਿੰਦਰ ਸਿੰਘ ਨੇ ਦੱਸਿਆ ਕਿ 100 ਦਿਨਾਂ ਤੋਂ ਦਿੱਲੀ ਬੈਠੇ ਕਿਸਾਨਾਂ ਨੇ ਠੰਢ ਦਾ ਮੌਸਮ ਲੰਘਾ ਲਿਆ ਹੈ। ਠੰਢ ਮੌਕੇ ਵੀ ਉਨ੍ਹਾਂ ਵੱਲੋਂ ਰਜਾਈਆਂ ਤੇ ਕੰਬਲਾਂ ਦੇ ਪ੍ਰਬੰਧ ਪਿੰਡਾਂ ਵਿੱਚੋਂ ਕੀਤੇ ਸਨ। ਹੁਣ ਗਰਮੀਆਂ ਨੂੰ ਧਿਆਨ ’ਚ ਰੱਖਦਿਆਂ ਪੱਖੇ, ਕੂਲਰ, ਫ਼ਰ਼ਿਜ਼ਰ, ਮੱਛਰਦਾਰੀਆਂ, ਮੰਜੇ, ਪਾਣੀ ਵਾਲੀਆਂ ਟੈਂਕੀਆਂ ਆਦਿ ਦਿੱਲੀ ਲਿਜਾ ਰਹੇ ਹਨ। ਇਸੇ ਤਰ੍ਹਾਂ ਨਿੰਮਵਾਲਾ ਮੌੜ ਦੇ ਕਿਸਾਨ ਸਿਕੰਦਰ ਸਿੰਘ, ਗੁਰਜੰਟ ਸਿੰਘ ਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਲੋਂ ਦਿੱਲੀ ਵਿੱਚ ਏਸੀ ਵੀ ਲਿਜਾਏ ਜਾ ਰਹੇ ਹਨ। ਇਨ੍ਹਾਂ ਦੋਵੇਂ ਪਿੰਡਾਂ ਦੇ ਕਿਸਾਨਾਂ ਵਲੋਂ ਆਰਜ਼ੀ ਘਰ ਬਨਾਉਣ ਲਈ ਚਾਦਰਾਂ, ਲੋਹੇ ਦੇ ਐਂਗਲ ਤੇ ਲੱਕੜ ਦੀਆਂ ਪਲਾਈਆਂ ਵੀ ਲਿਜਾ ਰਹੇ ਹਨ।
ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨੇ ਪ੍ਰੋਗਰਾਮ ਦੀਆਂ ਤਿਆਰੀਆਂ ਸ਼ੁਰੂ
ਮਹਿਲ ਕਲਾਂ (ਪੱਤਰ ਪ੍ਰੇਰਕ) ਖੇਤੀ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਮਹਿਲ ਕਲਾਂ ਟੌਲ ਪਲਾਜ਼ਾ ਅੱਗੇ ਪੱਕੇ ਮੋਰਚੇ ਵਿੱਚ ਕਿਸਾਨਾਂ ਵੱਲੋਂ ਮੋਦੀ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਕੀਤੀ ਗਈ। ਅੱਜ ਪੱਕੇ ਮੋਰਚੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਜਗਸੀਰ ਸਿੰਘ ਸੀਰਾ ਛੀਨੀਵਾਲ, ਨਾਨਕ ਸਿੰਘ ਅਮਲਾ ਸਿੰਘ ਵਾਲਾ, ਜੱਗਾ ਸਿੰਘ ਛਾਪਾ, ਗੁਰਮੇਲ ਠੁੱਲੀਵਾਲ, ਸਾਹਿਤਕਾਰ ਦਰਸ਼ਨ ਸਿੰਘ ਗੁਰੂ, ਅਵਜੋਤ ਕੌਰ ਆਦਿ ਨੇ ਕਿਹਾ ਕਿ ਸੰਯੁਤਕ ਕਿਸਾਨ ਮੋਰਚਾ ਵੱਲੋਂ ਐਲਾਨੇ ਗਏ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਸਫਲਤਾ ਪੂਰਵਕ ਨੇਪਰੇ ਚਾੜ੍ਹੇ ਜਾਣਗੇ ਜਿਨ੍ਹਾਂ ਦੀਆ ਤਿਆਰੀਆਂ ਅੱਜ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਕਿਸਾਨ ਆਗੂਆਂ ਨੇ ਦੱਸਿਆ ਕਿ 15 ਮਾਰਚ ਨੂੰ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ, 19 ਮਾਰਚ ਨੂੰ ਮੁਜਾਰਾ ਲਹਿਰ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜਾਵੇਗਾ, 23 ਨੂੰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦਾ ਸ਼ਹੀਦੀ ਦਿਵਸ ਤੇ 26 ਮਾਰਚ ਨੂੰ ਭਾਰਤ ਬੰਦ ਨੂੰ ਸਫਲ ਕੀਤਾ ਜਾਵੇਗਾ।