ਮਨੋਜ ਸ਼ਰਮਾ
ਬਠਿੰਡਾ, 13 ਅਕਤੂਬਰ
ਬਠਿੰਡਾ ਜ਼ਿਲ੍ਹੇ ਦੇ ਵੱਡਾ ਪਿੰਡ ਮਹਿਮਾ ਸਰਜਾ ਵਿੱਚ ਕਰੋੜਾਂ ਦੀ ਲਾਗਤ ਨਾਲ ਬਣਿਆ ਜਲ ਘਰ ਲੋਕਾਂ ਲਈ ਚਿੱਟਾ ਹਾਥੀ ਸਾਬਤ ਹੋ ਰਿਹਾ ਹੈ ਪਰ ਪਿੰਡ ਮਹਿਮਾ ਸਰਕਾਰੀ, ਮਹਿਮਾ ਸਰਜ ਅਤੇ ਪਿੰਡਾ ਦੀ ਢਾਣੀਆਂ ਵਿਚ ਵਸੇ ਲੋਕਾਂ ਦੀ ਉਕਤ ਜਲ ਘਰ ਪਿਆਸ ਬੁਝਾਉਣ ਵਿੱਚ ਨਾਕਾਮ ਰਿਹਾ ਹੈ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਵਾਟਰ ਵਰਕਸ ਦੇ ਕਰਮਚਾਰੀਆਂ ਵੱਲੋਂ ਜਲ ਸਪਲਾਈ ਤੀਜੇ ਦਿਨ ਦਿੱਤੀ ਜਾਂਦੀ ਹੈ। ਜਦੋਂ ਕਿ ਨਿਯਮਾਂ ਮੁਤਾਬਿਕ ਹਰ ਰੋਜ਼ ਪਾਣੀ ਦੀ ਸਪਲਾਈ ਦੇਣੀ ਬਣਦੀ ਹੈ। ਗਲੀਆਂ ਵਿੱਚ ਪਾਣੀ ਦੀ ਲੀਕੇਜ ਆਮ ਦੇਖੀ ਜਾ ਸਕਦੀ ਹੈ। ਪਿੰਡ ਮਹਿਮਾ ਸਰਕਾਰੀ ਦੇ ਸਾਬਕਾ ਸਰਪੰਚ ਬਰਜਿੰਦਰ ਸਿੰਘ ਬਰਾੜ ਦਾ ਕਹਿਣਾ ਹੈ ਕਿ ਜਲ ਘਰ ਅੰਦਰ ਬਿਨਾਂ ਫ਼ਿਲਟਰ ਕੀਤੇ ਦੂਸ਼ਿਤ ਪਾਣੀ ਦੀ ਸਪਲਾਈ ਵੀ ਦਿੱਤੀ ਜਾਂਦੀ ਹੈ ਅਤੇ ਹੁਣ ਤਾਂ ਕਰਮਚਾਰੀ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਪਾਣੀ ਸਾਫ਼ ਕਰਨ ਵਾਲੇ ਫ਼ਿਲਟਰ ਬੰਦ ਹੋ ਗਏ ਹਨ ਤਾਂ ਉਹ ਕੀ ਕਰ ਸਕਦੇ ਹਨ। ਫ਼ਿਲਟਰ ਬੰਦ ਹੋਣ ਕਾਰਨ ਤੀਜੇ ਦਿਨ ਦਿੱਤੀ ਜਾਣ ਵਾਲੀ ਸਪਲਾਈ ਵੀ ਪ੍ਰਭਾਵਿਤ ਹੋਵੇਗੀ। ਜਲ ਘਰ ਨਜ਼ਦੀਕ ਵਸੀ ਕਲੋਨੀ ਦੇ ਵਸਨੀਕਾਂ ਦਾ ਕਹਿਣਾ ਹੈ ਜਲ ਘਰ ਅੰਦਰ ਪਾਣੀ ਸਟੋਰ ਕਰਨ ਵਾਲੇ ਵੱਡੇ ਟੈਂਕ ਦੀ ਹਾਲਤ ਖਸਤਾ ਹੈ ਅਤੇ ਜਿਸ ਦੀ ਧਰਤੀ ਹੇਠਲੇ ਬੈੱਡ ਨੂੰ ਮਜ਼ਬੂਤ ਕਰਨ ਦੀ ਬਜਾਏ ਖਾਨਾ ਪੂਰਤੀ ਕਰ ਕੇ ਪਾਣੀ ਨਾਲ ਭਰ ਦਿੱਤਾ ਜਾਂਦਾ ਹੈ। ਜਿਸ ਦੀਆਂ ਕੰਧਾਂ ’ਤੇ ਧਰਤੀ ਹੇਠਲੀ ਸਤ੍ਵਾ ਬੈਠ ਜਾਂਦੀ ਹੈ ਜਿਸ ਕਾਰਨ ਨਜ਼ਦੀਕ ਘਰਾਂ ਦੀਆਂ ਕੋਠੀਆਂ ਨੂੰ ਸਿੱਲ੍ਹ ਦੀ ਮਾਰ ਪੈ ਰਹੀ ਹੈ। ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਕਨਵੀਨਰ ਮਾਸਟਰ ਸੇਵਕ ਸਿੰਘ ਦਾ ਕਹਿਣਾ ਹੈ ਕਿ ਜਲ ਘਰ ਅੰਦਰ ਸਫ਼ਾਈ ਦਾ ਬੁਰਾ ਹਾਲ ਹੈ। ਉਨ੍ਹਾਂ ਚਿਤਾਵਨੀ ਦਿੱਤੀ, ਜੇਕਰ ਜਲ ਘਰ ਵਿੱਚੋਂ ਪਾਣੀ ਸਪਲਾਈ ਵਿੱਚ ਸੁਧਾਰ ਨਾ ਕੀਤਾ ਤਾਂ ਉਹ ਧਰਨਾ ਲਗਾਉਣ ਲਈ ਮਜਬੂਰ ਹੋਣਗੇ। ਐਕਸੀਅਨ ਮਨਪ੍ਰੀਤ ਅਰਸ਼ੀ ਨੇ ਕਿਹਾ ਕਿ ਉਹ ਖ਼ੁਦ ਦੌਰਾ ਕਰ ਕੇ ਜਲ ਘਰ ਦੀ ਸਥਿਤੀ ਦਾ ਜਾਇਜ਼ਾ ਲੈਣਗੇ ਅਤੇ ਫ਼ਿਲਟਰ ਨਵੇਂ ਪਾਏ ਜਾਣਗੇ।