ਪੱਤਰ ਪ੍ਰੇਰਕ
ਗੋਨਿਆਣਾ ਮੰਡੀ, 12 ਮਈ
ਜ਼ਿਲ੍ਹੇ ਦੇ ਵੱਡੇ ਪਿੰਡ ਮਹਿਮਾ ਸਰਜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪਹੁੰਚੇ ਹਲਕਾ ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਇਸ ਸਕੂਲ ਨੂੰ ਨਮੂਨੇ ਦਾ ਸਕੂਲ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਕੂਲਾਂ ਵੱਲ ਵਿਸ਼ੇਸ਼ ਧਿਆਨ ਦੇ ਰਹੀ ਹੈ। ਸਕੂਲ ਪ੍ਰਿੰਸੀਪਲ ਆਸ਼ੂ ਸਿੰਘ ਸਮੇਤ ਸਮੁੱਚੇ ਸਟਾਫ ਨੇ ਵਿਧਾਇਕ ਨੂੰ ਮੰਗ ਪੱਤਰ ਸੌਂਪਦਿਆਂ ਵਿਦਿਆਰਥੀਆਂ ਲਈ ਨਵੇਂ ਬਾਥਰੂਮ ਅਤੇ ਕਮਰਿਆਂ ਲਈ ਗਰਾਂਟ ਮੰਗੀ। ਵਿਧਾਇਕ ਨੇ ਵਿਦਿਆਰਥੀਆਂ ਨੂੰ ਕਿਹਾ ਕਿ ਉਹ ਦਿਲ ਲਾ ਕੇ ਪੜ੍ਹਾਈ ਕਰਨ, ਭਗਵੰਤ ਮਾਨ ਸਰਕਾਰ ਪੰਜਾਬ ਦੇ ਵਿਦਿਆਰਥੀਆਂ ਨੂੰ ਨੌਕਰੀਆਂ ਦੇਣ ਲਈ ਵਚਨਬੱਧ ਹੈ। ਉਨ੍ਹਾਂ ਨਾਲ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਜੁਆਇੰਟ ਸਕੱਤਰ ਸੁਰਿੰਦਰ ਸਿੰਘ ਬਿੱਟੂ, ਪਿੰਡ ਦੇ ਸਰਪੰਚ ਕੁਲਵਿੰਦਰ ਸਿੰਘ ਬਰਾੜ, ਬਾਬਾ ਸੁਖਦੇਵ ਪ੍ਰਕਾਸ਼ ਅਤੇ ਸਕੂਲ ਮੈਨੇਜਮੈਂਟ ਕਮੇਟੀ ਦੇ ਨੁਮਾਇੰਦੇ ਹਾਜ਼ਰ ਸਨ।