ਨਵਕਿਰਨ ਸਿੰਘ
ਮਹਿਲ ਕਲਾਂ, 1 ਜੂਨ
ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਪਿੰਡ ਸਹਿਜੜਾ ਨਜ਼ਦੀਕ ਅਣਪਛਾਤੇ ਵਾਹਨ ਦੀ ਟੱਕਰ ਕਾਰਨ ਮੋਟਰਸਾਈਕਲ ਸਵਾਰ ਬੈਂਕ ਮੁਲਾਜ਼ਮ ਦੀ ਮੌਤ ਹੋ ਗਈ। ਨਿਤਿਨ ਮਹੇ (22) ਪੁੱਤਰ ਸਰਬਜੀਤ ਕੁਮਾਰ ਵਾਸੀ ਨਿਹਾਲੂਵਾਲ (ਬਲਾਕ ਮਹਿਲ ਕਲਾਂ) ਪ੍ਰਾਈਵੇਟ ਬੈਂਕ ’ਚ ਨੌਕਰੀ ਕਰਦਾ ਸੀ ਤੇ ਦੇਰ ਰਾਤ ਉਹ ਮੋਟਰਸਾਈਕਲ ਰਾਹੀਂ ਬਰਨਾਲਾ ਤੋਂ ਆਪਣੇ ਪਿੰਡ ਨਿਹਾਲੂਵਾਲ ਪਰਤ ਰਿਹਾ ਸੀ ਤਾਂ ਰਸਤੇ ਵਿੱਚ ਕਿਸੇ ਵਾਹਨ ਵੱਲੋਂ ਫੇਟ ਮਾਰਨ ਕਰਕੇ ਉਸ ਦਾ ਮੋਟਰਸਾਈਕਲ ਖੇਤਾਂ ਵਿੱਚ ਜਾ ਡਿੱਗਿਆ ਤੇ ਉਸ ਦੀ ਮੌਤ ਹੋ ਗਈ। ਨੌਜਵਾਨ ਦੀ ਮੌਤ ਦਾ ਪਤਾ ਅੱਜ ਸਵੇਰੇ ਲੱਗਾ ਹੈ। ਥਾਣਾ ਮਹਿਲ ਕਲਾਂ ਦੇ ਏਐੱਸਆਈ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।