ਪੱਤਰ ਪ੍ਰੇਰਕ
ਭੀਖੀ, 11 ਸਤੰਬਰ
ਤਰਕਸ਼ੀਲ ਸੁਸਾਇਟੀ ਪੰਜਾਬ ਜ਼ਿਲ੍ਹਾ ਮਾਨਸਾ ਦੀ ਮੀਟਿੰਗ ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਚ ਜ਼ੋਨ ਆਗੂ ਅੰਮ੍ਰਿਤ ਰਿਸ਼ੀ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਰਿਸ਼ੀ ਨੇ ਕਿਹਾ ਕਿ ਪਿਛਲੇ ਮਹੀਨੇ ਤਰਕਸ਼ੀਲ ਸੁਸਾਇਟੀ ਵੱਲੋਂ ਲਈ ਗਈ ਚੇਤਨਾ ਪਰਖ ਪ੍ਰੀਖਿਆ ਦੇ ਪ੍ਰੀਖਿਆਰਥੀਆਂ ਨੂੰ ਸੂਬਾ ਪੱਧਰ ’ਤੇ ਤਰਕਸ਼ੀਲ ਭਵਨ ਬਰਨਾਲਾ ਤੇ ਜ਼ਿਲ੍ਹਾ ਪੱਧਰ ’ਤੇ ਮਾਨਸਾ ਵਿੱਚ ਸਨਮਾਨਿਤ ਕੀਤਾ ਜਾਵੇਗਾ। ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਅੰਧਵਿਸ਼ਵਾਸਾਂ ਵਿੱਚੋਂ ਕੱਢਕੇ ਇੱਕ ਨਰੋਏ ਸਮਾਜ ਦੀ ਸਿਰਜਣਾ ਕਰਨਾ ਤਰਕਸ਼ੀਲ ਸੁਸਾਇਟੀ ਦਾ ਮੁੱਖ ਮਕਸਦ ਹੈ। ਇਸ ਮੌਕੇ ਹੱਕ ਸੱਚ ਦੀ ਆਵਾਜ਼ ‘ਤਰਕਸ਼ੀਲ’ ਮੈਗਜ਼ੀਨ ਵੀ ਜਾਰੀ ਕੀਤਾ ਗਿਆ। ਇਸ ਮੌਕੇ ਸੂਬਾ ਆਗੂ ਰਾਜੇਸ਼ ਅਕਲੀਆ, ਭੁਪਿੰਦਰ ਫ਼ੌਜੀ, ਲੱਖਾ ਸਿੰਘ, ਹਰਬੰਸ ਸਿੰਘ, ਮਹਿੰਦਰ ਪਾਲ, ਬੂਟਾ ਸਿੰਘ ਬੀਰ, ਵਰਿੰਦਰ ਕੁਮਾਰ ਖੀਵਾ ਤੇ ਜਗਜੀਤ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।
ਯਾਦਗਾਰੀ ਮੰਚ ਵੱਲੋਂ ਗਿਆਨੀ ਗੁਰਦੇਵ ਸਿੰਘ ਦਾ ਸਨਮਾਨ
ਨਿਹਾਲ ਸਿੰਘ ਵਾਲਾ (ਪੱਤਰ ਪ੍ਰੇਰਕ): ਮਹਿੰਦਰ ਸਾਥੀ ਯਾਦਗਾਰੀ ਮੰਚ ਮੋਗਾ ਵੱਲੋਂ ਵਡੇਰੀ ਉਮਰ ਦੀਆਂ ਸਾਹਿਤਕ ਤੇ ਲੋਕ ਪੱਖੀ ਸ਼ਖ਼ਸੀਅਤਾਂ ਦੇ ਸਨਮਾਨ ਕਰਨ ਦੀ ਲੜੀ ਤਹਿਤ ਸੇਵਾਮੁਕਤ ਅਧਿਆਪਕ ਗਿਆਨੀ ਗੁਰਦੇਵ ਸਿੰਘ ਦਾ ਸਨਮਾਨ ਨਿਹਾਲ ਸਿੰਘ ਵਾਲਾ ਸਥਿਤ ਉਨ੍ਹਾਂ ਦੇ ਘਰ ਜਾ ਕੇ ਕੀਤਾ ਗਿਆ। ਮੰਚ ਦੇ ਪ੍ਰਧਾਨ ਗੁਰਮੀਤ ਕੜਿਆਲਵੀ ਨੇ ਗਿਆਨੀ ਗੁਰਦੇਵ ਸਿੰਘ ਨੂੰ ਸਮਰਪਿਤ ਅਧਿਆਪਕ, ਪ੍ਰਤੀਬੱਧ ਲੇਖਕ, ਟਰੇਡ ਯੂਨੀਅਨ ਆਗੂ ਅਤੇ ਬੇਦਾਗ ਰਾਜਨੀਤਕ ਆਗੂ ਦੱਸਿਆ। ਉਨ੍ਹਾਂ ਦੱਸਿਆ ਕਿ ਗਿਆਨੀ ਜੀ ਨੇ ਦਸ ਪੁਸਤਕਾਂ ਲਿਖੀਆਂ ਅਤੇ ਉਨ੍ਹਾਂ ਦੇ ਅਨੇਕਾਂ ਲੇਖ ਛਪੇ ਹਨ। ਅਜੋਕੇ ਸਮੇਂ ਵਿਚ ਉਨ੍ਹਾਂ ਜਿਹੇ ਇਮਾਨਦਾਰ ਤੇ ਸਿਰੜੀ ਮਨੁੱਖਾਂ ਦੀ ਅਤਿਅੰਤ ਲੋੜ ਹੈ।