ਖੇਤਰੀ ਪ੍ਰਤੀਨਿਧ
ਬਰਨਾਲਾ, 23 ਮਈ
ਪਿੰਡ ਭੈਣੀ ਜੱਸਾ ਦੇ ਮਗਨਰੇਗਾ ਜੌਬ ਕਾਰਡਧਾਰਕਾਂ ਵੱਲੋਂ ਪਿਛਲੇ ਤਕਰੀਬਨ 8 ਮਹੀਨਿਆਂ ਤੋਂ ਕੰਮ ਨਾ ਦਿੱਤੇ ਜਾਣ ਦੇ ਰੋਸ ਵਜੋਂ ਮਨਰੇਗਾ ਯੂਨੀਅਨ ਪੰਜਾਬ (ਸੀਟੂ) ਦੀ ਅਗਵਾਈ ਹੇਠ ਇੱਥੇ ਬੀ.ਡੀ.ਪੀ.ਓ. ਦਫ਼ਤਰ ਅੱਗੇ ਰੋਸ ਧਰਨਾ ਦੇ ਕੇ ਕੰਮ ਦੀ ਮੰਗ ਕੀਤੀ। ਧਰਨੇ ਦੀ ਪ੍ਰਧਾਨਗੀ ਹਰਪਾਲ ਕੌਰ ਤੇ ਸੁਖਵਿੰਦਰ ਸਿੰਘ ਨੇ ਕੀਤੀ। ਧਰਨਾਕਾਰੀ ਮਜ਼ਦੂਰਾਂ ਵੱਲੋਂ ਮਗਨਰੇਗਾ ਤਹਿਤ ਲਿਖਤੀ ਅਰਜ਼ੀ ਰਾਹੀਂ 59 ਜੌਬ ਕਾਰਡਧਾਰਕ ਬਿਨੈਕਾਰਾਂ ਵੱਲੋਂ 25 ਮਈ ਤੋਂ 30 ਜੂਨ ਤੱਕ ਕੰਮ ਦਿੱਤੇ ਜਾਣ ਦੀ ਮੰਗ ਕੀਤੀ। ਹਾਜ਼ਰ ਏ.ਪੀ.ਓ. ਬਰਨਾਲਾ ਨੇ ਜਲਦੀ ਕੰਮ ਦਿੱਤੇ ਜਾਣ ਦਾ ਭਰੋਸਾ ਦਿੱਤਾ। ਇਸ ਤੋਂ ਇਲਾਵਾ ਪਿੰਡ ਭੈਣੀ ਜੱਸਾ ਲਈ ਕਿਸੇ ਗਰਾਮ ਰੁਜ਼ਗਾਰ ਸਹਾਇਕ ਦੀ ਪੱਕੀ ਨਿਯੁਕਤੀ ਦੀ ਮੰਗ ਵੀ ਕੀਤੀ। ਸੀਟੂ ਦੇ ਸੂਬਾਈ ਸਕੱਤਰ ਸਾਥੀ ਸ਼ੇਰ ਸਿੰਘ ਫਰਵਾਹੀ ਨੇ ਕਿਹਾ ਕਿ ਕੇਂਦਰ ਦੀ (ਮੋਦੀ) ਸਰਕਾਰ ਤੇ ਪੰਜਾਬ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਮਨਰੇਗਾ ਮਜ਼ਦੂਰਾਂ ਨੂੰ ਲੋੜੀਂਦਾ ਮੰਗਿਆ ਕੰਮ ਨਹੀਂ ਦੇ ਰਹੀਆਂ। ਉਨ੍ਹਾਂ ਕਿਹਾ ਕਿ ਮੰਗਿਆ ਪੂਰਾ ਕੰਮ ਵੀ ਨਹੀਂ ਦਿੱਤਾ ਜਾ ਰਿਹਾ ਤੇ ਨਾ ਹੀ ਕੀਤੇ ਗਏ ਕੰਮ ਦੀ ਪੇਮੈਂਟ ਸਮੇਂ ਸਿਰ ਕੀਤੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਸਾਲਾਨਾ 100 ਰੋਜ਼ਾ ਗਰੰਟੀਸ਼ੁਦਾ ਕੰਮ ਹਰੇਕ ਜੌਬ ਕਾਰਡ ਧਾਰਕ ਨੂੰ ਦੇ ਕੇ 15 ਦਿਨਾਂ ਦੇ ਅੰਦਰ ਉਜ਼ਰਤ ਭੁਗਤਾਨ ਯਕੀਨੀ ਬਣਾਇਆ ਜਾਵੇ। ਮਗਨਰੇਗਾ ਦੇ ਕੰਮ ਦੇਣ ’ਚ ਅੜਿੱਕਾ ਪਾਉਣ ਵਾਲੀਆਂ ਪੰਚਾਇਤਾਂ ਅਤੇ ਕਰਮਚਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।