ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 9 ਜੁਲਾਈ
ਬਰਸਾਤਾਂ ਤੋਂ ਪਹਿਲਾਂ ਪਿੰਡਾਂ ਦੀਆਂ ਜਨਤਕ ਥਾਵਾਂ, ਗਲੀਆਂ-ਨਾਲੀਆਂ ਅਤੇ ਸੜਕਾਂ ਦੀ ਸਫ਼ਾਈ ਕਰਕੇ ਮਗਨਰੇਗਾ ਮਜ਼ਦੂਰਾਂ ਨੇ ਪਿੰਡਾਂ ਦੀ ਨੁਹਾਰ ਬਦਲ ਦਿੱਤੀ ਹੈ। ਫ਼ਰੀਦਕੋਟ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਪ੍ਰੀਤ ਮਹਿੰਦਰ ਸਿੰਘ ਸਹੋਤਾ ਨੇ ਦੱਸਿਆ ਕਿ ਫ਼ਰੀਦਕੋਟ ਜ਼ਿਲ੍ਹੇ ਦੇ ਸਮੂਹ ਬਲਾਕਾਂ ਵਿੱਚ ਪੰਚਾਇਤਾਂ ਵੱਲੋਂ ਮੌਸਮੀ ਬਿਮਾਰੀਆਂ ਜਿਵੇਂ ਕਿ ਡੇਂਗੂ, ਮਲੇਰੀਆ ਤੋਂ ਬਚਾਅ ਲਈ ਵਿਸ਼ੇਸ਼ ਸਫ਼ਾਈ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਪੇਂਡੂ ਖੇਤਰਾਂ ਵਿੱਚ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ, ਫਿਰਨੀਆਂ ਅਤੇ ਸੜਕਾਂ ਲਾਗੇ ਬਣੇ ਘਰਾਂ ਦਾ ਸਰਵੇਖਣ ਕਰ ਕੇ ਉਨ੍ਹਾਂ ਵਿੱਚ ਸੋਕ ਪਿੱਟਾਂ ਬਣਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਪਿੰਡਾਂ ਵਿੱਚ ਜਨਤਕ ਥਾਵਾਂ ਅਤੇ ਫਿਰਨੀਆਂ ’ਤੇ ਲੱਗੀਆਂ ਨਾਜਾਇਜ਼ ਰੂੜੀਆਂ ਅਤੇ ਗੰਦਗੀ ਦੇ ਢੇਰਾਂ ਨੂੰ ਵੀ ਪੰਚਾਇਤਾਂ ਰਾਹੀਂ ਹਟਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਲੋਕਾਂ ਨੂੰ ਆਪਣੀਆਂ ਰੂੜੀਆਂ ਦੁਆਰੇ ਚਾਰਦੀਵਾਰੀ ਬਣਾਉਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ, ਤਾਂ ਜੋ ਕੂੜਾ ਕਰਕਟ ਬਾਹਰ ਗਲੀਆਂ ਜਾਂ ਨਾਲੀਆਂ ਵਿੱਚ ਨਾ ਫੈਲੇ।