ਪਰਮਜੀਤ ਸਿੰਘ
ਫਾਜ਼ਿਲਕਾ, 25 ਅਕਤੂਬਰ
ਪਿੰਡ ਸ਼ਾਮਾ ਖਾਨਕਾ ਵਿੱਚ ਮਗਨਰੇਗਾ ਤਹਿਤ ਕੰਮ ਕਰਦੇ ਮਜ਼ਦੂਰਾਂ ਨੇ ਮਜ਼ਦੂਰੀ ਘੱਟ ਮਿਲਣ ਤੋਂ ਖਫਾ ਹੋ ਕੇ ਬੀਡੀਪੀਓ ਦਫਤਰ ਅਰਨੀਵਾਲਾ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਸਬੰਧੀ ਸੁਰੇਸ਼ ਕੁਮਾਰ, ਪਵਨ ਕੁਮਾਰ, ਹੰਸ ਰਾਜ, ਓਮ ਪ੍ਰਕਾਸ਼ ਤੇ ਪ੍ਰਸ਼ੋਤਮ ਦਾਸ ਆਦਿ ਨੇ ਮਗਨਰੇਗਾ ਸਕੀਮ ਵਿੱਚ ਕੰਮ ਕਰ ਰਹੇ ਵਰਕਰਾਂ ਨੇ ਦੱਸਿਆ ਕਿ ਬੀਡੀਪੀਓ ਦਫਤਰ ਅਰਨੀਵਾਲਾ ਵੱਲੋਂ ਉਨ੍ਹਾਂ ਨੂੰ ਤੈਅ ਕੀਤੀ ਮਜ਼ਦੂਰੀ ਤੋਂ ਘੱਟ ਰੇਟ ’ਤੇ ਮਜ਼ਦੂਰੀ ਦਿੱਤੀ ਜਾ ਰਹੀ ਹੈ ਅਤੇ 43 ਰੁਪਏ ਘੱਟ ਦੇ ਕੇ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।
ਮਗਨਰੇਗਾ ਤਹਿਤ ਕੰਮ ਕਰਦੇ ਮਜ਼ਦੂਰਾਂ ਨੇ ਦੱਸਿਆ ਕਿ ਕੰਮ ਵਾਲੀ ਜਗ੍ਹਾ ’ਤੇ ਕਾਨੂੰਨ ਅਨੁਸਾਰ ਬਣਦੀਆਂ ਸਹੂਲਤਾਂ ਵੀ ਨਹੀਂ ਦਿੱਤੀਆ ਜਾ ਰਹੀਆਂ ਹਨ। ਮਗਨਰੇਗਾ ਮਜ਼ਦੂਰਾਂ ਨੇ ਦੱਸਿਆ ਕਿ ਕਰੋਨਾ ਮਹਾਮਾਰੀ ਦੌਰਾਨ ਸਰਕਾਰ ਵੱਲੋਂ ਜੋ 100 ਪ੍ਰਤੀਸ਼ਤ ਸਬਸਿਡੀ ’ਤੇ ਪਸ਼ੂ ਸ਼ੈੱਡ ਦਿੱਤੇ ਜਾਣੇ ਸਨ ਉਹ ਵੀ ਯੋਗ ਵਿਅਕਤੀਆਂ ਨੂੰ ਨਹੀਂ ਦਿੱਤੇ ਗਏ ਬਲਕਿ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਆਪਣੇ ਚਹੇਤਿਆਂ ਨੂੰ ਹੀ ਦਿੱਤੇ ਗਏ ਹਨ। ਮਗਨਰੇਗਾ ਮਜ਼ਦੂਰਾਂ ਨੇ ਚਿਤਾਵਨੀ ਦਿੰਦਿਆਂ ਆਖਿਆ ਕਿ ਜੇਕਰ ਉਨ੍ਹਾਂ ਨੂੰ ਸਰਕਾਰ ਦੁਆਰਾ ਤੈਅ ਕੀਤੀ ਮਜ਼ਦੂਰੀ ਤੋਂ ਘੱਟ ਮਜ਼ਦੂਰੀ ਦਿੱਤੀ ਗਈ ਤਾਂ ਉਹ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਸਬੰਧੀ ਬੀਡੀਪੀਓ ਅਰਨੀਵਾਲਾ ਜਸਵੰਤ ਸਿੰਘ ਨੇ ਕਿਹਾ ਕਿ ਕੰਮ ਦੀ ਮਿਣਤੀ ਦੇ ਹਿਸਾਬ ਨਾਲ ਦਿਹਾੜੀ ਤੈਅ ਕੀਤੀ ਜਾਂਦੀ ਹੈ, ਪ੍ਰੰਤੂ ਫਿਰ ਵੀ ਉਹ ਜਾਂਚ ਪੜਤਾਲ ਕਰਨਗੇ ਕਿ ਮਜ਼ਦੂਰਾਂ ਦੀ ਏਨੀ ਦਿਹਾੜੀ ਕਿਉਂ ਘੱਟ ਪਾਈ ਗਈ ਹੈ।