ਮਾਨਸਾ, 28 ਮਈ
ਮਗਨਰੇਗਾ ਸਕੀਮ ਅਤੇ ਵਿੱਤੀ ਕਮਿਸ਼ਨ ਦੇ ਫੰਡਾਂ ਨੇ ਮਾਨਸਾ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਕੇ ਰੱਖ ਦਿੱਤੀ। ਮਾਨਸਾ ਦੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰਪ੍ਰੀਤ ਕੌਰ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਰਕਾਰੀ ਸਕੂਲਾਂ ਵਿੱਚ ਕੁੱਲ 865 ਕੰਮ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਕਰਵਾਏ ਜਾ ਰਹੇ ਹਨ, ਜਿਸ ਵਿੱਚੋਂ 473 ਕੰਮ ਮਗਨਰੇਗਾ ਸਕੀਮ ਅਧੀਨ ਅਤੇ 392 ਕੰਮ ਵਿੱਤੀ ਕਮਿਸ਼ਨ ਦੇ ਫੰਡਾਂ ਵਿੱਚੋਂ ਕਰਵਾਏ ਜਾ ਰਹੇ ਹਨ ਅਤੇ 478 ਕੰਮ ਮੁਕੰਮਲ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕੰਮਾਂ ਉਪਰ 1375.00 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ, ਜਿਸ ਵਿੱਚੋਂ 679.60 ਲੱਖ ਰੁਪਏ ਮਗਨਰੇਗਾ ਸਕੀਮ ਅਤੇ 695.40 ਲੱਖ ਰੁਪਏ 14ਵੇਂ ਅਤੇ 15ਵੇਂ ਵਿੱਤ ਕਮਿਸ਼ਨ ਵਿੱਚੋਂ ਖਰਚ ਕੀਤੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਭਾਰਤ ਪੈਟਰੋਲੀਅਮ ਦੇ ਸੀਐਸਆਰ ਅਧੀਨ ਅਤੇ ਮਗਨਰੇਗਾ ਸਕੀਮ ਦੀ ਕਨਵਰਜੈਂਸ ਤਹਿਤ 48 ਪਖਾਨੇ, 77 ਸੋਕ ਪਿੱਟ, ਅਤੇ 83 ਆਂਗਣਵਾੜੀ ਸੈਂਟਰਾਂ ਵਿੱਚ ਪਖਾਨਿਆਂ ਦੀ ਉਸਾਰੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 17 ਸੈਨੇਟਰੀ ਪੈਡ ਵੈਂਡਿੰਗ ਮਸ਼ੀਨ, 21 ਪ੍ਰੋਜੈਕਟਰ ਅਤੇ 134 ਸਰਕਾਰੀ ਸਕੂਲਾਂ ਲਈ 139 ਆਰਓ ਸਿਸਟਮ ਮੁਹੱਈਆ ਕਰਵਾਏ ਗਏ ਹਨ।