ਜਸਵੰਤ ਜੱਸ
ਫਰੀਦਕੋਟ, 5 ਅਪਰੈਲ
ਜ਼ਿਲ੍ਹੇ ਦੀ ਮੁੱਖ ਅਨਾਜ ਮੰਡੀ ਵਿੱਚ ਕਣਕ ਦੀ ਖਰੀਦ ਸ਼ੁਰੂ ਕਰਨ ਦਾ ਰਸਮੀ ਉਦਘਾਟਨ ਕਰਦਿਆਂ ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਫ਼ਰੀਦਕੋਟ ਜ਼ਿਲ੍ਹੇ ਦੀਆਂ ਟਰੱਕ ਯੂਨੀਅਨਾਂ ਵਿੱਚੋਂ ਮਾਫ਼ੀਆ ਰਾਜ ਖਤਮ ਹੋ ਗਿਆ ਹੈ। ਜਿਸ ਕਰਕੇ ਅਨਾਜ ਦੀ ਢੋਆ-ਢੁਆਈ ਵਿੱਚ ਹੁਣ ਕਿਸੇ ਕਿਸਮ ਦੀ ਦਿੱਕਤ ਨਹੀਂ ਆਵੇਗੀ। ਉਨ੍ਹਾਂ ਕਿਹਾ ਕਿ ਪਹਿਲਾਂ ਢੋਅ-ਢੁਆਈ ਦੇ ਟੈਂਡਰ ਹਾਕਮ ਧਿਰ ਦੇ ਬੰਦੇ ਲੈ ਜਾਂਦੇ ਸਨ ਪਰ ਉਹ ਮੰਡੀਆਂ ਵਿੱਚੋਂ ਅਨਾਜ ਨਹੀਂ ਚੁੱਕਦੇ ਸੀ, ਜਿਸ ਕਾਰਨ ਅਨਾਜ ਮੰਡੀਆਂ ਵਿੱਚ ਬੋਰੀਆਂ ਦੇ ਅੰਬਾਰ ਲੱਗੇ ਰਹਿੰਦੇ ਸਨ ਤੇ ਕਿਸਾਨਾਂ ਨੂੰ ਅਨਾਜ ਢੇਰੀ ਕਰਨ ਲਈ ਲੋੜੀਂਦੀ ਥਾਂ ਨਹੀਂ ਮਿਲਦੀ ਸੀ ਤੇ ਮਜ਼ਬੂਰ ਹੋ ਕੇ ਆੜ੍ਹਤੀਆਂ ਨੂੰ ਆਪਣੇ ਨਿੱਜੀ ਖਰਚੇ ਉੱਪਰ ਢੋਅ-ਢੁਆਈ ਕਰਵਾਉਣੀ ਪੈਂਦੀ ਸੀ। ਵਿਧਾਇਕ ਸੇਖੋਂ ਨੇ ਕਣਕ ਦੀ ਖਰੀਦ ਸ਼ੁਰੂ ਕਰਵਾਉਣ ਤੋਂ ਬਾਅਦ ਜ਼ਿਲ੍ਹਾ ਮੰਡੀ ਅਫ਼ਸਰ ਤੇ ਮਾਰਕਿਟ ਕਮੇਟੀ ਦੇ ਉੱਚ ਅਧਿਕਾਰੀਆਂ ਨਾਲ ਖਰੀਦ ਪ੍ਰਬੰਧਾਂ ਬਾਰੇ ਮੀਟਿੰਗ ਵੀ ਕੀਤੀ। ਵਿਧਾਇਕ ਨੇ ਕਿਹਾ ਕਿ ਹਰ ਅਨਾਜ ਮੰਡੀ ਤੇ ਖਰੀਦ ਕੇਂਦਰ ਵਿੱਚ ਪੀਣਯੋਗ ਸਾਫ਼ ਪਾਣੀ, ਛਾਂ, ਬਿਜਲੀ ਤੇ ਬਾਕੀ ਲੋੜੀਂਦੀਆਂ ਸਹੂਲਤਾਂ ਦੇ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਣਕ ਦੇ ਦਾਣੇ-ਦਾਣੇ ਨੂੰ ਪਾਰਦਰਸ਼ੀ ਤਰੀਕੇ ਨਾਲ ਖਰੀਦੇਗੀ ਤੇ ਕਣਕ ਵਿਕਣ ਤੋਂ 24 ਘੰਟਿਆਂ ’ਚ ਕਿਸਾਨਾਂ ਨੂੰ ਫਸਲ ਦੀ ਪੂਰੀ ਅਦਾਇਗੀ ਕਰ ਦਿੱਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਮੰਡੀ ਅਫਸਰ ਸਲੋਧ ਕੁਮਾਰ, ਡੀਐੱਫਐੱਸਸੀ ਮੈਡਮ ਜਸਜੀਤ ਕੌਰ, ਡਿਪਟੀ ਡਾਇਰੈਕਟਰ ਡਾ. ਨਿਰਮਲ ਸਿੰਘ, ਸ਼ਿਵੰਦਰਪਾਲ ਸਿੰਘ ਸੰਧੂ, ਹੈਪੀ ਬਰਾੜ, ਗੁਰਚਰਨ ਪਾਲ, ਗੁਰਤੇਜ ਸਿੰਘ ਖੋਸਾ, ਗੁਰਦੀਪ ਸਿੰਘ ਬਰਾੜ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।