ਟਰਾਂਸਪੋਰਟ ਮੰਤਰੀ ਬਨਣ ਮਗਰੋਂ ਰਾਜਾ ਵੜਿੰਗ ਨੇ ਜੱਦੀ ਪਿੰਡ ਭਲਾਈਆਣਾ ਦਾ ਦੌਰਾ ਕੀਤਾ
ਜਸਵੀਰ ਸਿੰਘ ਭੁੱਲਰ
ਦੋਦਾ, 30 ਸਤੰਬਰ
ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਕੈਬਨਿਟ ਵਿੱਚ ਟਰਾਂਸਪੋਰਟ ਮੰਤਰੀ ਬਣਾਏ ਜਾਣ ਉਪਰੰਤ ਅੱਜ ਉਹ ਵਾਇਆ ਬਠਿੰਡਾ ਹੋ ਕੇ ਆਪਣੇ ਹਲਕਾ ਗਿੱਦੜਬਾਹਾ ਦੇ ਪਿੰਡ ਭਲਾਈਆਣਾ ਦੀ ਦਾਣਾ ਮੰਡੀ ਵਿੱਚ ਪੁੱਜੇ ਜਿਥੇ ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਜ਼ਿਲ੍ਹਾ ਮੁਕਤਸਰ ਦੇ ਸਮੁੱਚੇ ਸਿਵਲ ਤੇ ਪੁਲੀਸ ਅਧਿਕਾਰੀ ਇਸ ਮੌਕੇ ਹਾਜ਼ਰ ਸਨ। ਮੰਤਰੀ ਨੂੰ ਪੰਜਾਬ ਪੁਲੀਸ ਵੱਲੋਂ ਸਲਾਮੀ ਵੀ ਦਿੱਤੀ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬੇ ਵਿਚ ਮਾਫੀਆ ਰਾਜ ਜਲਦੀ ਸਮਾਪਤ ਕਰ ਦਿੱਤਾ ਜਾਵੇਗਾ। ਕਿਸਾਨਾਂ ਬਾਰੇ ਉਨ੍ਹਾਂ ਕਿਹਾ ਕਿ ਖੇਤੀ ਅੰਦੋਲਨ ਵਿਚ ਸ਼ਹੀਦ ਹੋਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਦੇ ਵਾਰਸਾਂ ਨੂੰ 10 ਦਿਨਾਂ ਵਿੱਚ ਹਲਕੇ ਨਾਲ ਸਬੰਧਤ ਮੰਤਰੀ ਜਾਂ ਵਿਧਾਇਕਾਂ ਵੱਲੋਂ ਇਕ ਨੌਕਰੀ ਅਤੇ 5 ਲੱਖ ਦਾ ਮੁਆਵਜ਼ਾ ਦਿੱਤਾ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਦੀ ਦੇਸ਼ ਦੇ ਗ੍ਰਹਿ ਮੰਤਰੀ ਨਾਲ ਮੀਟਿੰਗ ਬਾਰੇ ਉਨ੍ਹਾਂ ਕਿਹਾ ਸਾਬਕਾ ਮੁੱਖ ਮੰਤਰੀ ਦੀਆਂ ਅਜਿਹੀਆਂ ਮਿਲਣੀਆਂ ਉਨ੍ਹਾਂ ਨੂੰ ਸੂਬੇ ਦੇ ਲੋਕਾਂ ਦੇ ਦਿਲਾਂ ਵਿੱਚੋਂ ਕੱਢ ਦੇਣਗੀਆਂ। ਉਨਾਂ ਦੇ ਸਵਾਗਤ ਵਿੱਚ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਨਰਿੰਦਰ ਸਿੰਘ ਕਾਉਣੀ , ਸਰਪੰਚ ਖੁਸਵਿੰਦਰ ਗਿੱਲ ਤੇ ਹੋਰ ਪਤਵੰਤੇ ਹਾਜ਼ਰ ਸਨ। ਇਸ ਉਪਰੰਤ ਉਨ੍ਹਾਂ ਨੇ ਪਿੰਡ ਛੱਤਿਆਣਾ ਵਿੱਚ ਗੁਰਦੁਆਰਾ ਗੁਪਤਸਰ ਸਾਹਿਬ ਵਿਖੇ ਮੱਥਾ ਟੇਕਿਆ।
ਫੋਟੋ – ਕੈਬਨਿਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਭਲਾਈਆਣਾ ਦੀ ਦਾਣਾ ਮੰਡੀ ਵਿੱਚ ਸੰਬੋਧਨ ਕਰਦੇ ਹੋਏ।