ਲਖਵੀਰ ਸਿੰਘ ਚੀਮਾ
ਟੱਲੇਵਾਲ, 18 ਅਗਸਤ
ਇਲਾਕੇ ਵਿੱਚ ਪਸ਼ੂਆਂ ਵਿੱਚ ਫੈਲੀ ਲੰਪੀ ਸਕਿਨ ਨਾਂ ਦੀ ਚਮੜੀ ਦੀ ਬਿਮਾਰੀ ਦਾ ਕਹਿਰ ਜਾਰੀ ਹੈ। ਇਸ ਬਿਮਾਰੀ ਕਾਰਨ ਇਲਾਕੇ ਦੇ ਲੋਕਾਂ ਨੂੰ ਆਰਥਿਕ ਨੁਕਸਾਨ ਦੇ ਨਾਲ-ਨਾਲ ਸਮਾਜਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਇਲਾਕੇ ਦੇ ਪਿੰਡ ਚੀਮਾ ਵਿੱਚ ਲੰਪੀ ਸਕਿਨ ਕਾਰਨ ਮਰਨ ਵਾਲੀਆਂ ਗਊਆਂ ਨੂੰ ਸੁੱਟਣ ਲਈ ਪੰਚਾਇਤੀ ਛੱਪੜ ’ਚ ਖੁੱਲ੍ਹਾ ਟੋਆ ਪੁੱਟੇ ਜਾਣ ਕਾਰਨ ਪੈਦਾ ਹੋ ਰਹੀ ਸਮੱਸਿਆ ਤੋਂ ਦੁਖੀ ਪਿੰਡ ਵਾਸੀਆਂ ਵੱਲੋਂ ਅੱਜ ਪੰਚਾਇਤ ਅਤੇ ਪ੍ਰਸ਼ਾਸ਼ਨ ਵਿਰੁੱਧ ਨਾਅਰੇਬਾਜ਼ੀ ਕਰ ਕੇ ਰੋਸ ਜ਼ਾਹਿਰ ਕੀਤਾ ਗਿਆ।
ਇਸ ਮੌਕੇ ਪ੍ਰਦਰਸ਼ਨਕਾਰੀਆਂ ਸਾਬਕਾ ਸਰਪੰਚ ਬਲਵਿੰਦਰ ਸਿੰਘ ਥਿੰਦ, ਦਿਆਲਾ ਸਿੰਘ, ਜਗਤਾਰ ਸਿੰਘ, ਸਿੰਗਾਰਾ ਸਿੰਘ, ਕੇਵਲ ਸਿੰਘ ਨੰਬਰਦਾਰ, ਤਾਰੀ ਸਿੰਘ, ਮੇਲਾ ਸਿੰਘ ਧਾਲੀਵਾਲ, ਕਾਲਾ ਸਿੰਘ ਜਾਗਲ ਅਤੇ ਹੰਸਾ ਸਿੰਘ ਜਾਗਲ ਨੇ ਦੱਸਿਆ ਕਿ ਪਿੰਡ ਵਿੱਚ ਚਮੜੀ ਰੋਗ ਕਾਰਨ ਲਗਾਤਾਰ ਗਊਆਂ ਦੀ ਮੌਤ ਹੋ ਰਹੀ ਹੈ। ਇਨ੍ਹਾਂ ਮ੍ਰਿਤਕ ਪਸ਼ੂਆਂ ਲਈ ਪਿੰਡ ਵਿੱਚ ਹੱਡਾਂਰੋੜੀ ਬਣੀ ਹੋਈ ਹੈ ਪਰ ਪਿੰਡ ਦੀ ਪੰਚਾਇਤ ਨੇ ਬਿਮਾਰੀ ਕਾਰਨ ਮਰ ਰਹੇ ਪਸ਼ੂਆਂ ਨੂੰ ਨਾਈਵਾਲਾ ਰੋਡ ’ਤੇ ਖੇਤਾਂ ਵਿਚਾਲੇ ਪਏ ਪੰਚਾਇਤੀ ਛੱਪੜ ਵਿੱਚ ਪਸ਼ੂਆਂ ਨੂੰ ਸੁੱਟਣ ਲਈ ਟੋਆ ਪੁੱਟ ਦਿੱਤਾ ਹੈ। ਲੋਕ ਇਸ ਟੋਏ ਵਿੱਚ ਬਿਨਾ ਮਿੱਟੀ ਪਾਏ ਮਰੀਆਂ ਹੋਈਆਂ ਗਊਆਂ ਸੁੱਟ ਕੇ ਜਾ ਰਹੇ ਹਨ, ਜਿਸ ਕਰਕੇ ਆਸ-ਪਾਸ ਬਹੁਤ ਬਦਬੂ ਫ਼ੈਲ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਮੱਸਿਆ ਤੋਂ ਤੰਗ ਆ ਕੇ ਇਸ ਟੋਏ ਨੂੰ ਜੇਸੀਬੀ ਮਸ਼ੀਨ ਨਾਲ ਭਰ ਦਿੱਤਾ ਹੈ ਅਤੇ ਅੱਗੇ ਤੋਂ ਇੱਥੇ ਮਰਿਆ ਹੋਇਆ ਕੋਈ ਪਸ਼ੂ ਨਹੀਂ ਸੁੱਟਣ ਦਿੱਤਾ ਜਾਵੇਗਾ।
ਮਰੇ ਪਸ਼ੂਆਂ ਨੂੰ ਖੁੱਲ੍ਹੇ ’ਚ ਸੁੱਟਣ ਦਾ ਮਾਮਲਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ
ਮਾਨਸਾ (ਪੱਤਰ ਪ੍ਰੇਰਕ): ਲੰਪੀ ਸਕਿਨ ਬਿਮਾਰੀ ਕਾਰਨ ਮਾਨਸਾ ਦੇ ਟੋਭੇ ਨੇੜੇ ਸੁੱਟੇ ਜਾਂਦੇ ਮਰੇ ਪਸ਼ੂਆਂ ਕਾਰਨ ਕਈ ਕਿਸਮ ਦੀਆਂ ਬਿਮਾਰੀਆਂ ਫੈਲਣ ਦਾ ਡਰ ਹੈ, ਇਸ ਵਾਸਤੇ ਸੀਪੀਆਈ ਦੇ ਆਗੂਆਂ ਵੱਲੋਂ ਅੱਜ ਇਹ ਮਾਮਲਾ ਜ਼ਿਲ੍ਹਾ ਪ੍ਰਸ਼ਾਸਨ ਦੇ ਧਿਆਨ ’ਚ ਲਿਆਂਦਾ ਗਿਆ। ਪਾਰਟੀਆਂ ਆਗੂਆਂ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਇਹ ਅਮਲ ਰੋਕਣ ਦੀ ਮੰਗ ਕੀਤੀ। ਪਾਰਟੀ ਦੇ ਜ਼ਿਲ੍ਹਾ ਸਕੱਤਰ ਕ੍ਰਿਸ਼ਨ ਚੌਹਾਨ, ਰਤਨ ਭੋਲਾ, ਨਰੇਸ਼ ਬੁਰਜ ਹਰੀ, ਬਾਬੂ ਸਿੰਘ ਅਤੇ ਸੁਖਦੇਵ ਸਿੰਘ ਨੇ ਕਿਹਾ ਕਿ ਸ਼ਹਿਰ ਵਿਚਲੇ ਵੱਡੇ ਟੋਭੇ ਦੇ ਗੰਦੇ ਪਾਣੀ ਕਾਰਨ ਫੈਲ ਰਹੀਆਂ ਭਿਆਨਕ ਬਿਮਾਰੀਆਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਤੁਰੰਤ ਫੁਰਤੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲੰਪੀ ਸਕਿਨ ਦੀ ਬਿਮਾਰੀ ਨਾਲ ਮਰੇ ਪਸ਼ੂਆਂ ਨੂੰ ਨਹੀਂ ਚੁੱਕਿਆ ਜਾ ਰਿਹਾ। ਕੁੱਝ ਲੋਕਾਂ ਵੱਲੋਂ ਬਿਮਾਰੀ ਕਾਰਨ ਮਰੇ ਪਸ਼ੂਆਂ ਨੂੰ ਨਹਿਰਾਂ ਵਿੱਚ ਸੁੱਟਿਆ ਜਾ ਰਿਹਾ ਹੈ, ਜਿਸ ਲਈ ਪ੍ਰਸ਼ਾਸਨ ਨੂੰ ਤੁਰੰਤ ਹਰਕਤ ਵਿੱਚ ਆਉਣਾ ਚਾਹੀਦਾ ਹੈ। ਇਸ ਮੌਕੇ ਜੱਗਾ ਸਿੰਘ ਬਾਜੇਵਾਲਾ, ਗੁਰਚਰਨ ਸਿੰਘ ਵੀ ਹਾਜ਼ਰ ਸਨ।