ਜੋਗਿੰਦਰ ਸਿੰਘ ਮਾਨ
ਮਾਨਸਾ, 21 ਅਗਸਤ
ਲੰਪੀ ਸਕਿਨ ਦੀ ਬਿਮਾਰੀ ਦੀ ਰੋਕਥਾਮ ਲਈ ਪਸ਼ੂ ਪਾਲਣ ਵਿਭਾਗ ਦੇ ਹਸਪਤਾਲਾਂ ਵਿੱਚ ਲੋੜੀਂਦੀ ਦਵਾਈ ਪੂਰੀ ਨਾ ਹੋਣ ਕਾਰਨ ਅਤੇ ਬਾਹਰ ਪ੍ਰਾਈਵੇਟ ਡਾਕਟਰਾਂ ਵੱਲੋਂ ਇਸ ਬਿਮਾਰੀ ਲਈ ਲੋੜੀਂਦੀਆਂ ਦਵਾਈਆਂ ਦੀਆਂ ਕੀਮਤਾਂ ਅਸਮਾਨੀ ਚੜ੍ਹਾਏ ਜਾਣ ਕਾਰਨ ਮਾਲਵਾ ਖੇਤਰ ਦੇ ਪਸ਼ੂ ਪਾਲਕਾਂ ਦੀ ਨੀਂਦ ਉੱਡੀ ਹੋਈ ਹੈ। ਸਰਕਾਰੀ ਤੌਰ ’ਤੇ ਜਿੱਥੇ ਇਹ ਵੈਕਸੀਨ ਮੁਫ਼ਤ ਮਿਲਦੀ ਹੈ ਉੱਥੇ ਹੀ ਪ੍ਰਾਈਵੇਟ ਡਾਕਟਰ ਇਹ ਦਵਾਈ ਹਜ਼ਾਰ ਰੁਪਏ ਤੱਕ ਦੀ ਦੇ ਰਹੇ ਹਨ। ਪਸ਼ੂ ਪਾਲਕਾਂ ਨੂੰ ਹੁਣ ਆਪਣੇ ਤੌਰ ’ਤੇ ਦੇਸੀ ਨੁਸਖਿਆਂ ਦਾ ਸਹਾਰਾ ਲੈਣਾ ਪੈ ਰਿਹਾ ਹੈ। ਲੋਕ ਸਰਕਾਰੀ ਹਸਪਤਾਲਾਂ ’ਚੋਂ ਦਵਾਈਆਂ ਲੈਣ ਜਾਂਦੇ ਹਨ, ਪਰ ਅੱਗੇ ਲੋੜੀਂਦੀ ਵੈਕਸੀਨ ਨਾ ਹੋਣ ਕਾਰਨ ਆਮ ਪਸ਼ੂ ਪਾਲਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਦਵਾਈਆਂ ਨਾ ਆਉਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪਸ਼ੂ ਪਾਲਣ ਵਿਭਾਗ ਦਫ਼ਤਰ ਦਾ ਘਿਰਾਓ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ। ਜਥੇਬੰਦੀ ਦੇ ਮਾਨਸਾ ਜ਼ਿਲ੍ਹਾ ਇਕਾਈ ਦੇ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਮਹਿਕਮੇ ਦੇ ਅਧਿਕਾਰੀ ਪਿੰਡਾਂ ਦੇ ਸਰਪੰਚਾਂ ਤੇ ਮੋਹਤਬਰਾਂ ਤੱਕ ਸੀਮਿਤ ਹਨ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਕਿਹਾ ਕਿ ਮਾਲਵਾ ਖੇਤਰ ਦੇ ਮਾਨਸਾ ਸਮੇਤ ਸਾਰੇ ਜ਼ਿਲ੍ਹਿਆਂ ਵਿੱਚ ਲੋੜੀਂਦੀ ਵੈਕਸੀਨ ਨਹੀਂ ਪੁੱਜ ਰਹੀ ਹੈ। ਮਾਨਸਾ ਵਰਗੇ ਜ਼ਿਲ੍ਹੇ ਵਿੱਚ ਇੱਕ ਲੱਖ ਤੋਂ ਵੱਧ ਵੈਕਸੀਨ ਦੀ ਤੁਰੰਤ ਲੋੜ ਹੈ, ਜੋ ਅਜੇ ਆਉਣ ਦੀ ਕੋਈ ਸੰਭਾਵਨਾ ਨਹੀਂ ਹੈ।
ਮਾਨਸਾ ਦੇ ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਦੀਆਂ 21 ਟੀਮਾਂ ਵੈਟਰਨਰੀ ਡਾਕਟਰਾਂ ਦੀ ਨਿਗਰਾਨੀ ਹੇਠ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਪਸ਼ੂਆਂ ਅੰਦਰ ਫੈਲੀ ਲੰਪੀ ਸਕਿਨ ਬਿਮਾਰੀ ਦੇ ਬਚਾਅ ਅਤੇ ਸਾਵਧਾਨੀਆਂ ਬਾਰੇ ਲਗਾਤਾਰ ਜਾਗਰੂਕ ਕਰ ਰਹੀਆਂ ਹਨ। ਪਸ਼ੂਆਂ ਦੇ ਇਲਾਜ ਤੇ ਵੈਕਸੀਨੇਸ਼ਨ ਲਈ ਅਧਿਕਾਰੀ ਤੇ ਕਰਮਚਾਰੀ 24 ਘੰਟੇ ਅਤੇ ਇੱਥੋਂ ਤੱਕ ਕਿ ਛੁੱਟੀ ਵਾਲੇ ਦਿਨ ਵੀ ਕੰਮ ਕਰ ਰਹੇ ਹਨ।
ਕੀ ਕਹਿੰਦੇ ਨੇ ਅਧਿਕਾਰੀ
ਪਸ਼ੂ ਪਾਲਣ ਵਿਭਾਗ ਦੇ ਸਹਾਇਕ ਨਿਰਦੇਸ਼ਕ ਡਾ. ਕਮਲ ਗੁਪਤਾ ਨੇ ਦੱਸਿਆ ਕਿ ਵਿਭਾਗ ਵੱਲੋਂ ਹੁਣ ਤੱਕ ਵੈਕਸੀਨ ਦੀਆਂ 12000 ਖੁਰਾਕਾਂ ਸਪਲਾਈ ਕੀਤੀਆਂ ਗਈਆਂ ਹਨ ਅਤੇ ਹੁਣ ਤੱਕ 11,468 ਖੁਰਾਕਾਂ ਹੀ ਪਸ਼ੂੁਆਂ ਨੂੰ ਲੱਗੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜਲਦੀ ਹੀ 12000 ਖੁਰਾਕਾਂ ਹੋਰ ਸਪਲਾਈ ਭੇਜੀਆਂ ਜਾਣਗੀਆਂ। ਪਸ਼ੂਆਂ ਦੇ ਇਲਾਜ ਲਈ ਤਿੰਨ ਲੱਖ ਰੁਪਏ ਦੀਆਂ ਦਵਾਈਆਂ ਖਰੀਦ ਕੇ ਸਮੂਹ ਸੰਸਥਾਵਾਂ ਵਿੱਚ ਵੰਡੀਆਂ ਗਈਆਂ ਹਨ ਅਤੇ ਸਥਿਤੀ ਕਾਬੂ ਹੇਠ ਹੈ। ਮਾਨਸਾ ਜ਼ਿਲੇ ਵਿੱਚ ਹੁਣ ਤੱਕ 5935 ਪਸ਼ੂ ਲੰਪੀ ਸਕਿਨ ਬਿਮਾਰੀ ਨਾਲ ਪ੍ਰਭਾਵਿਤ ਹੋਏ ਹਨ, ਜਿਨ੍ਹਾਂ ’ਚੋਂ 3310 ਪਸ਼ੂ ਤੰਦਰੁਸਤ ਹੋ ਗਏ ਹਨ ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।