ਲਖਵੀਰ ਸਿੰਘ ਚੀਮਾ
ਟੱਲੇਵਾਲ, 4 ਅਗਸਤ
ਕਰਜ਼ੇ ਦੀ ਮਾਰ ਝੱਲ ਰਹੀ ਪੰਜਾਬ ਦੀ ਕਿਸਾਨੀ ਦੇ ਦੁੱਧ ਦੇ ਸਹਾਇਕ ਧੰਦੇ ’ਤੇ ਲੰਪੀ ਸਕਿਨ ਨੇ ਵੱਡੀ ਮਾਰ ਪਾਈ ਹੈ। ਇਸ ਬਿਮਾਰੀ ਦੀ ਲਪੇਟ ਵਿੱਚ ਆਈਆਂ ਦੁਧਾਰੂ ਗਾਵਾਂ ਦੀ ਮੌਤ ਦਰ ਵਧਣ ਲੱਗੀ ਹੈ। ਸਰਕਾਰੀ ਅਣਦੇਖੀ ਤੋਂ ਕਿਸਾਨ ਦੁਖ਼ੀ ਹਨ। ਪਸ਼ੂ ਪਾਲਕ ਕਿਸਾਨ ਅਤੇ ਮਜ਼ਦੂਰ ਸਹਿਮ ਦੇ ਮਾਹੌਲ ਵਿੱਚ ਹਨ। ਸੂਬਾ ਸਰਕਾਰ ਵੱਲੋਂ ਭੇਜੀ ਸਹਾਇਤਾ ਰਕਮ ਨਾਲ ਦਵਾਈਆਂ ਤੇ ਹੋਰ ਰਾਹਤ ਸਮੱਗਰੀ ਕਿਸਾਨਾਂ ਤੱਕ ਪਹੁੰਚਾਉਣ ਵਿੱਚ ਅਜੇ ਕੁਝ ਦਿਨ ਲੱਗ ਸਕਦੇ ਹਨ। ਬਿਮਾਰੀ ਦੀ ਭੇਟ ਚੜ੍ਹਨ ਵਾਲੀਆਂ ਗਾਵਾਂ ਨੂੰ ਖੁੱਲ੍ਹੀਆਂ ਹੱਡਾਰੋੜੀਆਂ ਵਿੱਚ ਸੁੱਟਣ ਕਰ ਕੇ ਇਹ ਬਿਮਾਰੀ ਹੋਰ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ।
ਪਿੰਡ ਚੀਮਾ ਵਿੱਚ ਲੰਪੀ ਸਕਿਨ ਨੇ ਚਾਰ ਦੁਧਾਰੂ ਗਊਆਂ ਦੀ ਜਾਨ ਲੈ ਲਈ ਹੈ। ਕਿਸਾਨ ਬਲਵੀਰ ਸਿੰਘ ਨੇ ਦੱਸਿਆ ਕਿ ਉਹ ਛੋਟੀ ਕਿਸਾਨੀ ਦੇ ਨਾਲ ਦੁੱਧ ਦੇ ਕੰਮ ਨਾਲ ਘਰ ਦਾ ਗੁਜ਼ਾਰਾ ਕਰ ਰਿਹਾ ਹੈ। ਇਸ ਬਿਮਾਰੀ ਕਾਰਨ ਇੱਕ ਗਾਂ ਦੀ ਮੌਤ ਹੋ ਗਈ ਹੈ, ਇੱਕ ਹੋਰ ਇਸ ਬਿਮਾਰ ਹੈ। ਨਿੱਜੀ ਡਾਕਟਰਾਂ ਤੋਂ ਇਸਦਾ ਮਹਿੰਗਾ ਇਲਾਜ਼ ਕਰਵਾ ਰਿਹਾ ਹੈ। ਸਰਕਾਰ ਵਲੋਂ ਇਸਦੀ ਕੋਈ ਵੈਕਸੀਨ ਜਾਂ ਦਵਾਈ ਤੱਕ ਮੁਹੱਈਆ ਨਹੀਂ ਕਰਵਾਈ ਜਾ ਰਹੀ।
ਕਿਸਾਨ ਮਨਦੀਪ ਸਿੰਘ ਦੀ ਇੱਕ ਗਾਂ ਮਰ ਗਈ। ਬਿਮਾਰੀ ਤੋਂ ਡਰਦਿਆਂ ਉਸ ਨੇ ਆਪਣੀਆਂ ਬਾਕੀ 10 ਗਾਵਾਂ ਸਸਤੇ ਭਾਅ ਵੇਚ ਦਿੱਤੀਆਂ ਹਨ। ਜਗਜੀਤਪੁਰਾ ਵਿੱਚ ਕਿਸਾਨ ਗੁਰਜੀਤ ਸਿੰਘ ਦੀ ਗਾਂ ਦੀ ਮੌਤ ਹੋ ਗਈ। ਰਾਮਗੜ੍ਹ ਦੇ ਸਰਪੰਚ ਰਾਜਵਿੰਦਰ ਰਾਜਾ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਕਰੀਬ ਅੱਠ ਗਾਵਾਂ ਇਸ ਬਿਮਾਰੀ ਨਾਲ ਮਰ ਗਈਆਂ ਹਨ। ਛੋਟੀ ਕਿਸਾਨੀ ਨਾਲ ਜੁੜੇ ਪਿੰਡ ਦੇ ਗੁਰਜੰਟ ਸਿੰਘ ਨੇ ਦੱਸਿਆ ਕਿ ਦੋ ਗਾਵਾਂ ਦੀ ਮੌਤ ਨਾਲ ਉਸ ਨੂੰ ਕਰੀਬ 1 ਲੱਖ ਰੁਪਏ ਦਾ ਘਾਟਾ ਪਿਆ ਹੈ।
ਇਸ ਸਬੰਧੀ ਭਾਕਿਯੂ ਉਗਰਾਹਾਂ ਦੇ ਆਗੂ ਦਰਸ਼ਨ ਸਿੰਘ ਚੀਮਾ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਇਸ ਬਿਮਾਰੀ ਵੱਲ ਕੋਈ ਧਿਆਨ ਨਹੀਂ ਹੈ। ਇਸ ਬਿਮਾਰੀ ਲਈ ਕਾਰਗਰ ਦਵਾਈ ਮਹਿੰਗੇ ਭਾਅ ’ਤੇ ਬਲੈਕ ਵਿੱਚ ਮਿਲ ਰਹੀ ਹੈ।
ਪਸ਼ੂ ਪਾਲਣ ਵਿਭਾਗ ਵੱਲੋਂ ਬਰਨਾਲਾ ਜ਼ਿਲ੍ਹੇ ਲਈ ਲਗਾਏ ਨੋਡਲ ਅਫ਼ਸਰ ਡਾ. ਰਾਮਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜ਼ਿਲ੍ਹੇ ਲਈ ਤਿੰਨ ਲੱਖ ਰਕਮ ਮੁਫ਼ਤ ਦਵਾਈਆਂ ਲਈ ਜਾਰੀ ਕਰ ਦਿੱਤੀ ਹੈ। ਦੋ ਜਾਂ ਤਿਨ ਦਿਨਾਂ ਤੱਕ ਪਸ਼ੂ ਪਾਲਕਾਂ ਨੂੰ ਮੁਫ਼ਤ ਦਵਾਈ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਮਰਨ ਵਾਲੇ ਪਸ਼ੂਆਂ ਨੂੰ ਖੁੱਲ੍ਹੇ ਵਿੱਚ ਸੁੱਟਣ ਦੀ ਬਜਾਇ ਮਿੱਟੀ ਵਿੱਚ ਦੱਬਿਆ ਜਾਣਾ ਚਾਹੀਦਾ ਹੈ।
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਮੁਕਤਸਰ ਜ਼ਿਲ੍ਹੇ ‘ਚ ਪਸ਼ੂਆਂ ਨੂੰ ਲੰਪੀ ਸਕਿਨ ਦੀ ਡਾਢੀ ਮਾਰ ਪਈ ਹੈ| ਸਰਕਾਰੀ ਅੰਕੜਿਆਂ ਅਨੁਸਾਰ ਇਸ ਬਿਮਾਰੀ ਕਾਰਨ ਹੁਣ ਤੱਕ ਜ਼ਿਲ੍ਹੇ ਦੇ ਕਰੀਬ 200 ਪਸ਼ੂ ਦਮ ਤੋੜ ਚੁੱਕੇ ਹਨ ਜਦੋਂਕਿ ਗ਼ੈਰ-ਸਰਕਾਰੀ ਅੰਕੜਿਆਂ ਅਨੁਸਾਰ ਇਹ ਗਿਣਤੀ 300 ਤੋਂ ਵੱਧ ਹੈ| ਜਾਣਕਾਰੀ ਅਨੁਸਾਰ ਮੁਕਤਸਰ ਜ਼ਿਲ੍ਹੇ ਦੇ 148 ਪਿੰਡਾਂ ’ਚ ਇਹ ਬਿਮਾਰੀ ਫੈਲ ਚੁੱਕੀ ਹੈ। ਪਸ਼ੂ ਪਾਲਕ ਮੁਕੰਦ ਸਿੰਘ ਨੇ ਦੱਸਿਆ ਕਿ ਜਿਹੜੇ ਪਸ਼ੂ ਘਰੋਂ ਬਾਹਰ ਨਹੀਂ ਜਾਂਦੇ ਉਹ ਵੀ ਬਿਮਾਰੀ ਦੀ ਮਾਰ ਹੇਠ ਆ ਗਏ ਹਨ| ਮਹਿੰਗੀਆਂ ਦਵਾਈਆਂ ਦੇ ਬਾਵਜੂਦ ਕੋਈ ਸੁਧਾਰ ਨਹੀਂ ਹੋ ਰਿਹਾ| ਸਰਕਾਰੀ ਹਸਪਤਾਲਾਂ ‘ਚ ਡਾਕਟਰਾਂ ਤੇ ਦਵਾਈਆਂ ਦੀ ਘਾਟ ਹੈ|
ਇਸ ਦੌਰਾਨ ਵਧੀਕ ਡਿਪਟੀ ਡਾਇਰੈਕਟਰ ਡਾ. ਜਗਸੀਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਲੰਪੀ ਸਕਿਨ ਵੱਡੀ ਪੱਧਰ ’ਤੇ ਫੈਲੀ ਹੋਈ ਹੈ। ਸਟਾਫ ਦੀ ਘਾਟ ਦੇ ਬਾਵਜੂਦ ਅਧਿਕਾਰੀ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ| ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਇੱਕ ਲੱਖ ਰੁਪਏ ਭੇਜੇ ਗਏ ਹਨ।
ਜ਼ਿਕਰਯੋਗ ਹੈ ਕਿ ਮੁਕਤਸਰ ਜ਼ਿਲ੍ਹੇ ’ਚ ਕਰੀਬ ਢਾਈ ਲੱਖ ਪਸ਼ੂ ਹਨ| ਇਨ੍ਹਾਂ ਦੀ ਸੰਭਾਲ ਲਈ ਲਈ ਸਿਰਫ਼ 27 ਡਾਕਟਰਾਂ ਦੀਆਂ ਪੋਸਟਾਂ ਹਨ ਜਿਨ੍ਹਾਂ ਵਿੱਚੋਂ 16 ਪੋਸਟਾਂ ਖਾਲੀ ਹਨ| ਡਿਪਟੀ ਡਾਇਰੈਕਟਰ ਦਾ ਅਹੁਦਾ ਵੀ ਖਾਲੀ ਹੈ|
ਫਤਹਿਗੜ੍ਹ ਪੰਜਤੂਰ (ਹਰਦੀਪ ਸਿੰਘ): ਲੰਪੀ ਸਕਿਨ ਨੇ ਹੁਣ ਪੂਰੇ ਸੂਬੇ ਵਿੱਚ ਪੈਰ ਪਸਾਰ ਲਏ ਹਨ। ਕੁੰਭਕਰਨੀ ਨੀਂਦ ਤੋਂ ਜਾਗੀ ਪੰਜਾਬ ਸਰਕਾਰ ਨੇ ਹੁਣ ਇਸ ਸਬੰਧੀ ਐਲਰਟ ਜਾਰੀ ਕਰਦਿਆਂ ਪਸ਼ੂ ਪਾਲਣ ਵਿਭਾਗ ਦੇ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ। ਪਸ਼ੂ ਪਾਲਣ ਵਿਭਾਗ ਨੇ ਇਸ ਬਿਮਾਰੀ ਦੀ ਰੋਕਥਾਮ ਲਈ ਅਜੇ ਤਕ ਪ੍ਰਭਾਵਿਤ ਪਿੰਡਾਂ ਵਿੱਚ ਨਾ ਤਾਂ ਜਾਗਰੂਕਤਾ ਕੈਂਪ ਲਗਾਏ ਹਨ ਨਾ ਹੀ ਪਸ਼ੂਆਂ ਦੀ ਕੋਈ ਵੈਕਸੀਨ ਭੇਜੀ ਹੈ। ਪੀੜਤ ਪਸ਼ੂ ਪਾਲਕ ਖ਼ੁਦ ਹੀ ਦੇਸੀ ਓਹੜ ਪੋਹੜ ਕਰ ਰਹੇ ਹਨ ਜਾਂ ਫਿਰ ਧਾਗੇ-ਤਵੀਤ ਦੇ ਚੱਕਰ ਵਿੱਚ ਫਸ ਰਹੇ ਹਨ। ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਮੋਗਾ ਸਥਿਤ ਡਿਪਟੀ ਡਾਇਰੈਕਟਰ ਹਰਵੀਨ ਕੌਰ ਨੇ ਕਿਹਾ ਕਿ ਬਿਮਾਰੀ ਸਬੰਧੀ ਵਿਭਾਗ ਕੋਲ ਅਜੇ ਤਕ ਕੋਈ ਵੈਕਸੀਨ ਨਹੀਂ ਆਈ ਹੈ।
ਡਾਕਟਰਾਂ ਦੀ ਘਾਟ ਤੋਂ ਪਸ਼ੂ ਪਾਲਕ ਫ਼ਿਕਰਮੰਦ
ਮਮਦੋਟ: ਮਮਦੋਟ ਦੇ ਲਗਪਗ ਸਾਰੇ ਪਿੰਡਾਂ ਵਿੱਚ ਲੰਪੀ ਸਕਿਨ ਬਿਮਾਰੀ ਕਾਰਨ ਪਸ਼ੂ ਬਿਮਾਰ ਹੋ ਰਹੇ ਹਨ। ਕਿਸਾਨ ਸਰਕਾਰੀ ਡਾਕਟਰਾਂ ਦੀ ਮਦਦ ਮਿਲਦੀ ਨਾ ਦੇਖ ਕੇ ਪ੍ਰਾਈਵੇਟ ਡਾਕਟਰਾਂ ਤੋਂ ਪਸ਼ੂਆਂ ਦਾ ਇਲਾਜ ਕਰਵਾ ਰਹੇ ਹਨ। ਇਸ ਸਬੰਧੀ ਡਿਪਟੀ ਡਾਇਰੈਕਟਰ ਜਸਵੰਤ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਭਰ ਵਿੱਚ 57 ਹਸਪਤਾਲ ਕੰਮ ਕਰ ਰਹੇ ਹਨ ਪਰ ਇਸ ਵਕਤ ਜ਼ਿਲ੍ਹੇ ਵਿੱਚ ਸਿਰਫ਼ 13 ਡਾਕਟਰ ਹੀ ਕੰਮ ਕਰ ਰਹੇ ਹਨ। ਉਨ੍ਹਾਂ ਪਸ਼ੂ ਪਾਲਕਾਂ ਨੂੰ ਸਮੇਂ ਸਿਰ ਇਲਾਜ ਕਰਵਾਉਣ ਦੀ ਸਲਾਹ ਦਿੱਤੀ। ਇਸ ਸਬੰਧੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਨਾਲ ਵਾਰ ਵਾਰ ਫੋਨ ਕੀਤੇ ਗਏ ਪਰ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ। ਕਿਸਾਨ ਜਥੇਬੰਦੀਆਂ ਨੇ ਮੁੱਖ ਮੰਤਰੀ ਤੋਂ ਡਾਕਟਰਾਂ ਤੇ ਦਵਾਈਆਂ ਦੇ ਪ੍ਰਬੰਧ ਦੀ ਮੰਗ ਕੀਤੀ ਹੈ।
ਸਰਕਾਰ ਹਰ ਸੰਭਵ ਮਦਦ ਦੇਵੇਗੀ: ਵਿਧਾਇਕ ਪੰਡੋਰੀ
ਟੱਲੇਵਾਲ: ਵਿਧਾਇਕ ਕੁਲਵੰਤ ਸਿੰਘ ਪੰਡੋਰੀ ਨੇ ਕਿਹਾ ਕਿ ਇਸ ਬਿਮਾਰੀ ਨਾਲ ਨਿਪਟਣ ਲਈ ਸਰਕਾਰ ਵੱਲੋਂ 75 ਲੱਖ ਰੁਪਏ ਜਾਰੀ ਕੀਤੇ ਗਏ ਹਨ। ਬਰਨਾਲਾ ਜ਼ਿਲ੍ਹੇ ਵਿੱਚ ਵੀ ਤਿੰਨ ਲੱਖ ਰੁਪਏ ਦੀ ਰਕਮ ਨਾਲ ਪਸ਼ੂ ਪਾਲਕਾਂ ਨੂੰ ਲੋੜੀਂਦੀ ਦਵਾਈ ਤੇ ਮਦਦ ਦਿੱਤੀ ਜਾਵੇਗੀ।