ਜੋਗਿੰਦਰ ਸਿੰਘ ਮਾਨ
ਮਾਨਸਾ, 11 ਅਗਸਤ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਪਸ਼ੂਆਂ ਵਿੱਚ ਫੈਲੀ ਲੰਪੀ ਸਕਿੱਨ ਬਿਮਾਰੀ ਦੇ ਮਾਮਲੇ ਲਈ ਤਿੰਨ ਕੈਬਨਿਟ ਵਜ਼ੀਰਾਂ ਦੇ ਆਧਾਰਿਤ ਕਮੇਟੀ ਕਾਇਮ ਕੀਤੀ ਹੈ ਪਰ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਲਗਾਤਾਰ ਵਧ ਰਹੀ ਇਸ ਬਿਮਾਰੀ ਦੀ ਰੋਕਥਾਮ ਲਈ ਡਾਕਟਰਾਂ ਦੀਆਂ ਟੀਮਾਂ ਅਤੇ ਲੋੜ ਅਨੁਸਾਰ ਦਵਾਈਆਂ ਪਿੰਡਾਂ ਵਿੱਚ ਭੇਜਣ ਦੀ ਲੋੜ ਹੈ। ਪੰਜਾਬ ਕਿਸਾਨ ਯੂਨੀਅਨ ਨੇ ਕਿਹਾ ਕਿ ਇਸ ਬਿਮਾਰੀ ਦੇ ਲਗਾਤਾਰ ਫੈਲਾਅ ਲਈ ਪਸ਼ੂ ਪਾਲਣ ਮਹਿਕਮੇ ਦੀ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਚਾਹੀਦੀ ਹੈ ਅਤੇ ਉਨ੍ਹਾਂ ਨੂੰ ਹਰ ਰੋਜ਼ ਪੀੜਤ ਪਸ਼ੂਆਂ ਦੇ ਮਾਲਕਾਂ ਨਾਲ ਉਨ੍ਹਾਂ ਸਥਿਤੀ ਸਬੰਧੀ ਗੱਲਬਾਤ ਕਰਨ ਦੇ ਆਦੇਸ਼ ਜਾਰੀ ਹੋਣੇ ਚਾਹੀਦੇ ਹਨ।
ਜਥੇਬੰਦੀ ਵੱਲੋਂ ਸੂਬਾ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਨੇ ਡੀਸੀ ਮਾਨਸਾ ਦੇ ਧਿਆਨ ਵਿੱਚ ਲਿਆਉਂਦਿਆਂ ਕਿਹਾ ਕਿ ਜੇਕਰ ਇਹ ਬਿਮਾਰੀ ਲਾਵਾਰਸ ਪਸ਼ੂਆਂ ਵਿੱਚ ਫੈਲ ਗਈ ਤਾਂ ਇਸ ਨੂੰ ਕੰਟਰੋਲ ਕਰਨਾ ਔਖਾ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਨਾਮੁਰਾਦ ਬਿਮਾਰੀ ਕਾਰਨ ਅਨੇਕਾਂ ਪਿੰਡਾਂ ’ਚ ਪਸ਼ੂਆਂ ਦਾ ਜਾਨੀ ਨੁਕਸਾਨ ਵੀ ਹੋ ਰਿਹਾ ਹੈ ਪਰ ਇਸ ਨੂੰ ਕੰਟਰੋਲ ਕਰਨ ਲਈ ਸਰਕਾਰ ਪੱਧਰ ’ਤੇ ਹਾਲੇ ਤੱਕ ਕੋਈ ਠੋਸ ਉਪਰਾਲਾ ਸ਼ੁਰੂ ਨਹੀਂ ਕੀਤਾ ਗਿਆ ਹੈ। ਉਨ੍ਹਾਂ ਮੁਤਾਬਕ ਬਿਮਾਰੀ ਕਾਰਨ ਮਰੇ ਪਸ਼ੂਆਂ ਨੂੰ ਰਾਜਬਾਹਿਆਂ ਆਦਿ ਦੇ ਕਿਨਾਰੇ, ਸੜਕਾਂ ਕਿਨਾਰੇ ਸੁੱਟੇ ਜਾਣ ਕਾਰਨ ਲੋਕਾਂ ਤੇ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਸਰਕਾਰ ਅਜਿਹੇ ਮਰੇ ਪਸ਼ੂਆਂ ਨੂੰ ਦਬਾਉਣ ਜਾਂ ਹੱਡਾਰੋੜੀਆਂ ਵਿੱਚ ਸੁਟਵਾਉਣ ਲਈ ਪੰਚਾਇਤੀ ਵਿਭਾਗ ਰਾਹੀਂ ਪ੍ਰਬੰਧ ਕਰਵਾਏ। ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਨੇ ਦੱਸਿਆ ਕਿ ਇਹ ਬਿਮਾਰੀ ਫੈਲਣ ਕਾਰਨ ਹੁਣ ਲੋਕ ਗਾਵਾਂ ਦਾ ਦੁੱਧ ਪੀਣ ਤੋਂ ਗੁਰੇਜ਼ ਕਰਨ ਲੱਗੇ ਹਨ। ਲੋਕਾਂ ਨੂੰ ਵਹਿਮ ਹੈ ਕਿ ਗਾਵਾਂ ਦੇ ਦੁੱਧ ਰਾਹੀਂ ਇਹ ਬਿਮਾਰੀ ਬੱਚਿਆਂ ਅਤੇ ਔਰਤਾਂ ਵਿੱਚ ਆ ਸਕਦੀ ਹੈ।
ਮਾਨਸਾ ਜ਼ਿਲ੍ਹੇ ਵਿੱਚ 1743 ਪਸ਼ੂ ਬਿਮਾਰੀ ਤੋਂ ਪੀੜਤ: ਡੀਸੀ
ਉਧਰ ਡੀਸੀ ਬਲਦੀਪ ਕੌਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਨੂੰ ਹਦਾਇਤ ਕੀਤੀ ਕਿ ਇਸ ਬਿਮਾਰੀ ਤੋਂ ਪੀੜਤ ਪਸ਼ੂਆਂ ਦੀ ਲਗਾਤਾਰ ਨਿਗਰਾਨੀ ਰੱਖਣ ਤੇ ਉਨ੍ਹਾਂ ਦੀ ਮੌਤ ਹੋਣ ਤੋਂ ਬਾਅਦ, ਦਫ਼ਨਾਉਣ ਤੱਕ ਹਰ ਤਰ੍ਹਾਂ ਦੀ ਸੂਚਨਾ ਇਕੱਤਰ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਵਿਭਾਗ ਮਾਨਸਾ ਦੀਆਂ 21 ਟੀਮਾਂ 24 ਘੰਟੇ ਪਸ਼ੂਆਂ ਵਿੱਚ ਫੈਲੀ ਲੰਪੀ ਸਕਿੰਨ ਬਿਮਾਰੀ ਦੀ ਰੋਕਥਾਮ ਤੇ ਇਲਾਜ ਵਿੱਚ ਜੁਟੀਆਂ ਹੋਈਆਂ ਹਨ। ਹੁਣ ਤੱਕ ਮਾਨਸਾ ਜ਼ਿਲ੍ਹੇ ਵਿਚ 1743 ਪਸ਼ੂ ਇਸ ਬਿਮਾਰੀ ਤੋਂ ਪੀੜਤ ਪਾਏ ਗਏ ਹਨ ਅਤੇ ਸਾਰੇ ਬਿਮਾਰ ਪਸ਼ੂਆਂ ਦਾ ਇਲਾਜ ਪਸ਼ੂ ਪਾਲਣ ਵਿਭਾਗ ਵੱਲੋਂ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਹੁਣ ਤੱਕ 491 ਪਸ਼ੂ ਠੀਕ ਹੋ ਚੁੱਕੇ ਹਨ।