ਪੁਨੀਤ ਮੈਨਨ
ਧਨੌਲਾ, 21 ਜੁਲਾਈ
ਵਿਦੇਸ਼ ਰਹਿੰਦੀ ਪਤਨੀ ਵੱਲੋਂ ਕੈਨੇਡਾ ਨਾ ਬੁਲਾਏ ਜਾਣ ’ਤੇ ਖ਼ੁਦਕੁਸ਼ੀ ਕਰ ਗਏ ਲਵਪ੍ਰੀਤ ਸਿੰਘ ਦੇ ਮਾਮਲੇ ਵਿੱਚ ਇਨਸਾਫ਼ ਦਿਵਾਉਣ ਲਈ ਹੁਣ ਤੱਕ ਪੁਲੀਸ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਾ ਕੀਤੇ ਜਾਣ ’ਤੇ ਇਨਸਾਫ਼ ਪਸੰਦ ਜਥੇਬੰਦੀਆਂ ਨੇ ਪੀੜਤ ਪਰਿਵਾਰ ਸਮੇਤ ਸਥਾਨਕ ਲੋਕਾਂ ਦਾ ਇਕੱਠ ਕੀਤਾ।
ਉਨ੍ਹਾਂ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲਵਪ੍ਰੀਤ ਨੂੰ ਕਥਿਤ ਤੌਰ ’ਤੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਵਾਲੀ ਉਸ ਦੀ ਪਤਨੀ ਬੇਅੰਤ ਕੌਰ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਬੇਅੰਤ ਕੌਰ ਨੂੰ ਡਿਪੋਰਟ ਨਹੀਂ ਕੀਤਾ ਜਾਂਦਾ, ਉਦੋਂ ਤੱਕ ਉਹ ਸੰਘਰਸ਼ ਕਰਨਗੇ। ਬੁਲਾਰਿਆਂ ਨੇ ਕਿਹਾ ਕਿ ਇਸ ਮਾਮਲੇ ਸਬੰਧੀ ਕਮੇਟੀ ਕਾਇਮ ਕਰ ਕੇ ਅਗਲੇ ਪ੍ਰੋਗਰਾਮ ਉਲੀਕੇ ਜਾਣਗੇ ਅਤੇ ਪ੍ਰਸ਼ਾਸਨ ਨਾਲ ਤਾਲਮੇਲ ਕਰਨ ਦੀ ਵਿਉਂਤਬੰਦੀ ਕੀਤੀ ਜਾਵੇਗੀ। ਇਸ ਮੌਕੇ ਲਵਪ੍ਰੀਤ ਦੇ ਪਿਤਾ ਬਲਵਿੰਦਰ ਸਿੰਘ, ਚਾਚਾ ਹਰਵਿੰਦਰ ਸਿੰਘ ਹਿੰਦੀ, ਕਿਸਾਨ ਆਗੂ ਦਰਸ਼ਨ ਦਾਸ, ਮਾਸਟਰ ਵਿਲੈਤੀ ਪੁਰੀ, ਸਰਪੰਚ ਕੇਵਲ ਸਿੰਘ, ਕਰਮਜੀਤ ਸਿੰਘ ਮਾਨ, ਮਹਿੰਦਰ ਸਿੰਘ, ਗੁਰਮੁਖ ਸਿੰਘ ਧਨੌਲਾ, ਮਾਨ ਬਠਿੰਡਾ ਹਾਜ਼ਰ ਸਨ।
ਮਾਮਲੇ ਨੂੰ ਉੱਚ ਪੱਧਰ ’ਤੇ ਉਠਾਉਣ ਵਾਲੇ ਲਵਪ੍ਰੀਤ ਦੇ ਚਾਚਾ ਹਰਵਿੰਦਰ ਸਿੰਘ ਹਿੰਦੀ ਨੇ ਕਿਹਾ ਕਿ ਉਹ ਲਵਪ੍ਰੀਤ ਦੀ ਮੌਤ ਦਾ ਇਨਸਾਫ਼ ਲੈ ਕੇ ਰਹਿਣਗੇ।