ਪੱਤਰ ਪ੍ਰੇਰਕ
ਧਨੌਲਾ, 29 ਜੁਲਾਈ
ਲਵਪ੍ਰੀਤ ਸਿੰਘ (23) ਦੇ ਖ਼ੁਦਕੁਸ਼ੀ ਮਾਮਲੇ ਵਿੱਚ ਪੁਲੀਸ ਵੱਲੋਂ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਤੇ ਉਸ ਦੇ ਪਰਿਵਾਰ ਖ਼ਿਲਾਫ਼ ਹੁਣ ਤੱਕ ਕੋਈ ਕਾਰਵਾਈ ਨਾ ਕਰਨ ਤੋਂ ਅੱਕੇ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨੇ ਬੀਤੇ ਕੱਲ੍ਹ ਪਿੰਡ ਵਾਸੀਆਂ ਅਤੇ ਕਿਸਾਨ ਯੂਨੀਅਨ ਡਕੌਂਦਾ ਦੇ ਸਹਿਯੋਗ ਨਾਲ ਬਠਿਡਾ-ਚੰਡੀਗੜ੍ਹ ਕੌਮੀ ਮਾਰਗ ਜਾਮ ਕਰ ਦਿੱਤਾ ਸੀ। ਅੱਜ ਦੁਪਹਿਰ ਪੁਲੀਸ ਪ੍ਰਸ਼ਾਸਨ ਵੱਲੋਂ ਬੇਅੰਤ ਕੌਰ ਦੇ ਪਰਿਵਾਰਕ ਮੈਂਬਰਾਂ ’ਤੇ ਕਾਰਵਾਈ ਕਰਨ ਦੇ ਦਿੱਤੇ ਭਰੋਸੇ ਤੋਂ ਬਾਅਦ ਧਰਨਾ 11 ਮੈਂਬਰੀ ਕਮੇਟੀ ਦੀ ਅਗਲੀ ਰਣਨੀਤੀ ਤਹਿਤ ਮੁਲਤਵੀ ਕਰ ਦਿੱਤਾ ਗਿਆ ਹੈ। ਪੁਲੀਸ ਅਤੇ 11 ਮੈਂਬਰੀ ਕਮੇਟੀ ਦਰਮਿਆਨ ਸਥਾਨਕ ਰਜਵਾੜਾ ਢਾਬੇ ’ਤੇ ਚੱਲੀ ਲੰਮੀ ਗੱਲਬਾਤ ਦੌਰਾਨ ਤਹਿ ਹੋਇਆ ਕਿ ਲਵਪ੍ਰੀਤ ਖੁਦਕੁਸ਼ੀ ਮਾਮਲੇ ਦੀ 25 ਅਗਸਤ ਤੱਕ ਵਿਸਰਾ ਰਿਪੋਰਟ ਆਉਣ ਦੌਰਾਨ ਰਿਪੋਰਟ ਦੇ ਆਧਾਰ ’ਤੇ ਬਾਕੀ ਧਾਰਾਵਾਂ ਵਿੱਚ ਵਾਧਾ ਕੀਤਾ ਜਾਵੇਗਾ। ਪਰਿਵਾਰ ਵੱਲੋਂ ਹੋਰ ਕੋਈ ਠੋਸ ਸਬੂਤ ਮੁਹੱਈਆ ਕਰਵਾਏ ਜਾਣ ’ਤੇ ਉਸ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪਹੁੰਚੇ ਡੀਐੱਸਪੀ ਬ੍ਰਿਜ ਮੋਹਨ ਅਤੇ ਲਖਵੀਰ ਸਿੰਘ ਟਿਵਾਨਾ ਨੇ ਕਿਹਾ ਕਿ ਮਾਮਲੇ ਸਬੰਧੀ ਸਿੱਟ ਬਣਾਈ ਜਾ ਰਹੀ ਹੈ, ਜੋ ਕਿ ਉੱਚ ਅਧਿਕਾਰੀਆਂ ਦੀ ਦੇਖਰੇਖ ਹੇਠ ਜਾਂਚ ਕਰੇਗੀ।