ਨਿੱਜੀ ਪੱਤਰ ਪ੍ਰੇਰਕ
ਬਰਨਾਲਾ, 8 ਜੁਲਾਈ
ਪਿੰਡ ਹਰੀਗੜ੍ਹ ਵਿੱਚੋਂ ਲੰਘਦੀ ਕੋਟਲਾ ਬ੍ਰਾਂਚ ਨਹਿਰ ਵਿੱਚ ਕਾਰ ਡਿੱਗਣ ਕਾਰਨ ਕਾਰ ਚਾਲਕ ਕਰਨੈਲ ਸਿੰਘ ਦੀ ਮੌਤ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਸੁਖਪਾਲ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਵਾਸੀ ਲੌਂਗੋਵਾਲ ਆਪਣੇ ਸਹੁਰੇ ਪਿੰਡ ਚੰਗਾਲ ਰਹਿੰਦਾ ਸੀ। ਉਹ ਬੁੱਧਵਾਰ ਦੀ ਰਾਤ ਆਪਣੀ ਕਾਰ ’ਤੇ ਸਵਾਰ ਹੋ ਕੇ ਧਨੌਲੇ ਵਾਲੇ ਪਾਸਿਓਂ ਆਪਣੇ ਪਿੰਡ ਚੰਗਾਲ ਜਾ ਰਿਹਾ ਸੀ।
ਉਸ ਨੇ ਬਡਬਰ ਟੌਲ ਪਲਾਜ਼ਾ ਦੀ ਪਰਚੀ ਬਚਾਉਣ ਖਾਤਰ ਪਿੰਡ ਭੂਰਿਆਂ ਨੂੰ ਜਾਂਦੀ ਸੜਕ ਵੱਲ ਹਰੀਗੜ੍ਹ ਤੋਂ ਗੱਡੀ ਮੋੜ ਲਈ ਤੇ ਗੱਡੀ ਕੰਟਰੋਲ ਨਾ ਹੋਣ ਕਾਰਨ ਕਾਰ ਅੱਗੇ ਜਾ ਨਹਿਰ ਵਿੱਚ ਡਿੱਗ ਗਈ। ਸੁਖਪਾਲ ਸਿੰਘ ਨੇ ਦੱਸਿਆ ਕਿ ਉਸ ਦੇ ਭਰਾ ਕਰਨੈਲ ਨਾਲ ਬੁੱਧਵਾਰ ਦੀ ਰਾਤ ਕਰੀਬ 10.23 ’ਤੇ ਸਿਰਫ਼ ਇੱਕ ਮਿੰਟ ਗੱਲ ਹੋਈ ਕਿ ਉਸ ਦੀ ਕਾਰ ਨਹਿਰ ਵਿੱਚ ਡਿੱਗ ਗਈ। ਅੱਜ ਸਵੇਰ ਹੁੰਦਿਆਂ ਹੀ ਪਿੰਡ ਹਰੀਗੜ੍ਹ ਦੇ ਸਰਪੰਚ ਹਰਵਿੰਦਰ ਸਿੰਘ, ਬਹਾਦਰ ਸਿੰਘ ਬਿੱਟੂ, ਨੈਬ, ਹਰਬੰਸ ਕੁੱਬੇ, ਮਲਕੀਤ ਹਰੀਗੜ੍ਹ, ਗੱਗੀ ਆਦਿ ਨੇ ਇੱਕ ਘੰਟੇ ਦੀ ਜੱਦੋ-ਜਹਿਦ ਮਗਰੋਂ ਨਹਿਰ ਵਿੱਚ ਗੱਡੀ ਦੀ ਭਾਲ ਕੀਤੀ ਅਤੇ ਟਰੈਕਟਰਾਂ ਨਾਲ ਕਾਰ ਬਾਹਰ ਕੱਢੀ। ਕਰਨੈਲ ਸਿੰਘ ਲਾਸ਼ ਕਾਰ ’ਚ ਹੀ ਪਈ ਸੀ।
ਥਾਣਾ ਧਨੌਲਾ ਦੇ ਐੱਸਐੱਚਓ ਸਬ ਇੰਸਪੈਕਟਰ ਲਖਵਿੰਦਰ ਸਿੰਘ ਨੇ ਸੁਖਪਾਲ ਸਿੰਘ ਦੇ ਬਿਆਨ ਦੇ ਆਧਾਰ ’ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ। ਕਰਨੈਲ ਸਿੰਘ ਦੇ ਪਰਿਵਾਰ ਵਿੱਚ ਪਤਨੀ, ਦੋ ਪੁੱਤਰ ਅਤੇ ਇੱਕ ਧੀ ਹੈ।
ਸੜਕ ਹਾਦਸੇ ਵਿੱਚ ਟੈਂਕਰ ਸਵਾਰ ਦੀ ਮੌਤ
ਮਹਿਲ ਕਲਾਂ (ਪੱਤਰ ਪ੍ਰੇਰਕ ): ਇੱਥੇ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਅੱਜ ਸਵੇਰੇ ਪਿੰਡ ਵਜੀਦਕੇ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਤੇਲ ਟੈਂਕਰ ਸਵਾਰ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਵਜੀਦਕੇ ਨਜ਼ਦੀਕ ਮੁੱਖ ਮਾਰਗ ’ਤੇ ਜਾ ਰਹੇ ਤੇਲ ਵਾਲੇ ਟੈਂਕਰ ਅਤੇ ਖੇਤ ਜਾ ਰਹੇ ਕਿਸਾਨ ਦੇ ਟਰੈਕਟਰ ਵਿੱਚਕਾਰ ਹਾਦਸਾ ਵਾਪਰ ਗਿਆ। ਇਸ ਹਾਸਦੇ ਤੋਂ ਬਾਅਦ ਬੇਕਾਬੂ ਹੋਇਆ ਤੇਲ ਟੈਂਕਰ ਨੇੜੇ ਖੇਤ ਵਿੱਚ ਡਿੱਗਿਆ। ਇਸ ਹਾਦਸੇ ਵਿੱਚ ਟੈਂਕਰ ਚਾਲਕ ਨਾਲ ਬੈਠੇ ਸਹਾਇਕ ਮੇਵਾ ਸਿੰਘ ਵਾਸੀ ਮੌੜ ਦੀ ਮੌਤ ਹੋ ਗਈ ਹੈ। ਇਸ ਸਬੰਧੀ ਪੁਲੀਸ ਥਾਣਾ ਠੁੱਲੀਵਾਲ ਦੇ ਏਐੱਸਆਈ ਜਗਤਾਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਅਚਾਨਕ ਵਾਪਰੀ ਘਟਨਾ ਹੈ। ਪੁਲੀਸ ਵੱਲੋਂ ਕੈਂਟਰ ਮਾਲਕ ਦੇ ਬਿਆਨਾਂ ਦੇ ਆਧਾਰ ’ਤੇ 174 ਦੀ ਕਾਰਵਾਈ ਕੀਤੀ ਗਈ ਹੈ।