ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 11 ਦਸੰਬਰ
ਕਸਬਾ ਫੂਲ ਵਿੱਚ ਭੱਠਾ ਮਜ਼ਦੂਰਾਂ ਦੀ ਅਹਿਮ ਮੀਟਿੰਗ ਗੁਰਦੁਆਰਾ ਭਗਤ ਰਵਿਦਾਸ ਵਿੱਚ ਹੋਈ। ਜਿਸ ਵਿੱਚ ਲੋਕ ਜਨ ਸ਼ਕਤੀ ਪਾਰਟੀ ਪੰਜਾਬ ਦੇ ਪ੍ਰਧਾਨ ਕਿਰਨਜੀਤ ਸਿੰਘ ਗਹਿਰੀ ਅਤੇ ਪਾਰਟੀ ਦੇ ਸਕੱਤਰ ਜਨਰਲ ਜਗਦੀਪ ਸਿੰਘ ਗਹਿਰੀ ਨੇ ਉਚੇਚੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਔਰਤਾਂ ਅਤੇ ਮਿਹਨਤੀ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭੱਠਾ ਮਾਲਕਾਂ ਵੱਲੋਂ ਈਪੀਐੱਫ ਅਤੇ ਏਐੱਸਆਈ ਐਕਟ ਨੂੰ ਲਾਗੂ ਨਾ ਕਰਕੇ ਰੇਟ ਲਿਸਟ ਨੂੰ ਗੋਲ-ਮਟੋਲ ਤਰੀਕੇ ਨਾਲ ਲਾਗੂ ਕਰਕੇ ਗ਼ਰੀਬ ਮਜ਼ਦੂਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ, ਜਿਸ ਲਈ ਪਾਰਟੀ ਰਾਮਵਿਲਾਸ ਪਾਸਵਾਨ ਮਿਸ਼ਨ ’ਤੇ ਪਹਿਰਾ ਦਿੰਦੇ ਹੋਏ ਕਿਸੇ ਵੀ ਭੱਠੇ ਤੇ ਫੈਕਟਰੀ ਦੇ ਮਜ਼ਦੂਰਾਂ ਦੀ ਲੁੱਟ ਨਹੀਂ ਹੋਣ ਦੇਵੇਗੀ, ਜਿਸ ਸਬੰਧੀ ਪਾਰਟੀ ਦੀ ਹੰਗਾਮੀ ਮੀਟਿੰਗ 27 ਦਸੰਬਰ ਨੂੰ ਹੋਣ ਜਾ ਰਹੀ ਹੈ। ਇਸ ਮੌਕੇ ਪੰਜਾਬ ਦੇ ਵਾਈਸ ਪ੍ਰਧਾਨ ਬੋਹੜ ਸਿੰਘ ਘਾਰੂ, ਹਲਕਾ ਪ੍ਰਧਾਨ ਜਗਦੀਪ ਸਿੰਘ ਫੂਲ, ਜ਼ਿਲ੍ਹਾ ਪ੍ਰਧਾਨ ਮਿੱਠੂ ਸਿੰਘ ਸਰਪੰਚ, ਰਾਮਪੁਰਾ ਦੇ ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ, ਜਨਰਲ ਸੈਕਟਰੀ ਮਨਜੀਤ ਸਿੰਘ, ਜੱਗਾ ਸਿੰਘ ਸਿੱਧੂ, ਪ੍ਰਧਾਨ ਜਰਨੈਲ ਸਿੰਘ ਮੱਟੂ ਤੋਂ ਇਲਾਵਾ ਵੱਡੀ ਗਿਣਤੀ ਵਿਚ ਭੱਠਾ ਮਜ਼ਦੂਰ ਹਾਜ਼ਰ ਸਨ।