ਪੱਤਰ ਪ੍ਰੇਰਕ
ਬੋਹਾ, 16 ਅਕਤੂਬਰ
ਸ਼ਹਿਰ ਬੋਹਾ ਦੇ ਵਾਰਡ ਨੰਬਰ 11 ਦੇ ਵਸਨੀਕਾਂ ਵੱਲੋਂ ਅੱਜ ਮਹਾਵੀਰ ਦਲ ਧਰਮਸ਼ਾਲਾ ਵਿੱਚ ਬਰਸਾਤੀ ਪਾਣੀ ਦੀ ਨਿਕਾਸੀ ਸਣੇ ਹੋਰਨਾਂ ਸਮੱਸਿਆਵਾਂ ਸਬੰਧੀ ਲੋਕ ਪੰਚਾਇਤ ਸੱਦੀ ਗਈ। ਲੋਕ ਪੰਚਾਇਤ ਵਿੱਚ ਵਾਰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣਨ ਲਈ ਵਿਧਾਨ ਸਭਾ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ, ਨਗਰ ਪੰਚਾਇਤ ਬੋਹਾ ਦੇ ਪ੍ਰਧਾਨ ਸੁਖਜੀਤ ਕੌਰ ਤੇ ਕਮਲਜੀਤ ਸਿੰਘ ਬਾਵਾ ਉੱਚੇਚੇ ਤੌਰ ’ਤੇ ਸ਼ਾਮਲ ਹੋਏ। ਇਸ ਮੌਕੇ ਵਾਰਡ ਵਾਸੀਆਂ ਵੱਲੋਂ ਸੇਠ ਰਾਮ ਨਾਥ, ਤਰਸੇਮ ਚੰਦ, ਜਗਨ ਨਾਥ ਸਿੰਗਲਾ ਤੇ ਗਿਆਨ ਚੰਦ ਸਿੰਗਲਾ ਆਦਿ ਨੇ ਕਿਹਾ ਕਿ ਹਰ ਸਾਲ ਮੀਂਹ ਦੇ ਮੌਸਮ ਵਿੱਚ ਇਸ ਵਾਰਡ ਦੀਆਂ ਸਾਰੀਆਂ ਗਲੀਆਂ ’ਚ ਪੰਜ-ਪੰਜ ਫੁੱਟ ਪਾਣੀ ਭਰ ਜਾਣ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਘਰਾਂ ਵਿਚ ਵੜਨ ਕਾਰਨ ਉਨ੍ਹਾਂ ਦਾ ਕਾਫ਼ੀ ਨੁਕਸਾਨ ਹੋਇਆ ਹੈ। ਉਹ ਆਪਣੀ ਇਹ ਸਮੱਸਿਆ ਲੈ ਕੇ ਕਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਇਸ ਦੌਰਾਨ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਸੀਵਰੇਜ ਬੋਰਡ ਤੇ ਹੋਰ ਸਬੰਧਿਤ ਅਧਿਕਾਰੀਆਂ ਦੀ ਮੀਟਿੰਗ ਬੁਲਾ ਕੇ ਛੇਤੀ ਤੋਂ ਛੇਤੀ ਇਸ ਸਮੱਸਿਆ ਦਾ ਹੱਲ ਕਰਨ ਸਬੰਧੀ ਹੁਦਾਇਤਾਂ ਜਾਰੀ ਕਰਨਗੇ। ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਨੇ ਕਿਹਾ ਕਿ ਉਹ ਆਪਣਾ ਕਾਰਜ ਭਾਰ ਸੰਭਾਲਣ ਤੋਂ ਬਾਅਦ ਮੁਸ਼ਲਕਾਂ ਦਾ ਹੱਲ ਜ਼ਰੂਰ ਕਰਨਗੇ। ਇਸ ਦੌਰਾਨ ਲੋਕਾਂ ਵੱਲੋਂ ਇਕ ਮੰਗ ਪੱਤਰ ਵਿਧਾਇਕ ਸੌਂਪਿਆ ਗਿਆ।