ਪੱਤਰ ਪ੍ਰੇਰਕ
ਮਹਿਲ ਕਲਾਂ, 14 ਫਰਵਰੀ
ਲੋਕ ਮੋਰਚਾ ਪੰਜਾਬ ਵੱਲੋਂ ਪਿੰਡ ਵਜ਼ੀਦਕੇ ਕਲਾਂ ਵਿੱਚ ਕੀਤੀ ਇਕੱਤਰਤਾ ਦੌਰਾਨ ਲੋਕਾਂ ਨੂੰ ‘ਸਰਕਾਰ ਨਹੀਂ ਬਲਕਿ ਰਾਜ ਬਦਲਣ ਲਈ ਜੂਝਣ’ ਦਾ ਸੁਨੇਹਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਸਤਿਨਾਮ ਦੀਵਾਨਾ ਨੇ ਕਿਹਾ ਕਿ ਇਹ ਚੋਣ ਸਰਗਰਮੀ ਰਾਜ-ਭਾਗ ’ਤੇ ਕਾਬਜ਼ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਵਿੱਚ ਕੁਰਸੀ ਦੀ ਆਪਸੀ ਵੰਡ ਲਈ ਹੁੰਦੀ ਹੈ ਤੇ ਇਹ ਸਰਗਰਮੀ ਇਸ ਲੁਟੇਰੇ ਰਾਜ ਭਾਗ ਦੀ ਤਬਦੀਲੀ ਦਾ ਸਾਧਨ ਨਹੀਂ ਬਣ ਸਕਦੀ। ਉਨ੍ਹਾਂ ਕਿਹਾ ਕਿ ਦੇਸ਼ ਤੇ ਪੰਜਾਬ ਦੇ ਡੂੰਘੇ ਹੋ ਰਹੇ ਬਹੁ-ਪਰਤੀ ਸੰਕਟਾਂ ਦਰਮਿਆਨ ਹਾਕਮ ਜਮਾਤਾਂ ਦੀ ਇਹ ਚੋਣ ਖੇਡ ਆਏ ਦਿਨ ਨਿਘਾਰ ਵੱਲ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਚੋਣਾਂ ਵਿੱਚ ਉਲਝ ਕੇ ਸਮਾਂ ਸ਼ਕਤੀ ਵਿਅਰਥ ਗੁਆਉਣ ਦੀ ਥਾਂ ਆਪਣਾ ਧਿਆਨ ਆਪਣੇ ਸੰਘਰਸ਼ਾਂ ਰਾਹੀਂ ਇਨਕਲਾਬੀ ਬਦਲ ਉਸਾਰਨ ’ਤੇ ਕੇਂਦਰਤ ਕਰਨਾ ਚਾਹੀਦਾ ਹੈ। ਲੋਕ ਮੋਰਚਾ ਦੀ ਬਦਲ ਉਸਾਰੋ ਮੁਹਿੰਮ ਕਮੇਟੀ ਦੇ ਮੈਂਬਰ ਹਰਦੀਪ ਸਿੰਘ ਟੱਲੇਵਾਲ ਨੇ ਲੋਕਾਂ ਨੂੰ ਸੰਘਰਸ਼ਾਂ ਦੇ ਰਾਹ ਪੈਣ ਦਾ ਸੱਦਾ ਦਿੱਤਾ।