ਪੱਤਰ ਪ੍ਰੇਰਕ
ਫਤਹਿਗੜ੍ਹ ਪੰਜਤੂਰ, 9 ਫ਼ਰਵਰੀ
ਹਲਕਾ ਵਿਧਾਇਕ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਇੱਥੋਂ ਦੇ ਬਾਜ਼ਾਰਾਂ ਵਿਚ ਦੁਕਾਨ-ਦੁਕਾਨ ’ਤੇ ਜਾ ਕੇ ਆਪਣੇ ਲਈ ਸਮਰਥਨ ਮੰਗਿਆ। ਇਸ ਮੌਕੇ ਕਾਂਗਰਸ ਪਾਰਟੀ ਦੇ ਆਗੂ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ। ਪਿਛਲੀ ਜਿੱਤ ਤੋਂ ਬਾਅਦ ਵਿਧਾਇਕ ਲੋਹਗੜ੍ਹ ਦੀ ਬਾਜ਼ਾਰ ਵਿੱਚ ਸ਼ਾਇਦ ਇਹ ਦੂਸਰੀ-ਤੀਸਰੀ ਫੇਰੀ ਸੀ। ਵਿਧਾਇਕ ਲੋਹਗੜ੍ਹ ਦੀ ਪਿਛਲੇ ਪੰਜ ਸਾਲਾਂ ਤੋਂ ਕਸਬੇ ਦੀ ਅਣਦੇਖੀ ਨੂੰ ਲੈ ਕੇ ਦੁਕਾਨਦਾਰਾਂ ਵਿੱਚ ਕਾਨਾਫੂਸੀ ਹੁੰਦੀ ਰਹੀ। ਵਿਧਾਇਕ ਲੋਹਗੜ੍ਹ ਦੀ ਆਮਦ ਤੋਂ ਪਹਿਲਾਂ ਇੱਥੇ ਦੇ ਵਿਕਾਸ ਕਾਰਜਾਂ ਦੀ ਉਸ ਵੇਲੇ ਪੋਲ ਖੁੱਲ੍ਹ ਗਈ, ਜਦੋਂ ਮੇਨ ਬਾਜ਼ਾਰ ਵਿੱਚ ਪਾਣੀ ਦਾ ਨਿਕਾਸੀ ਨਾਲਾ ਬੰਦ ਹੋ ਗਿਆ। ਕਾਂਗਰਸੀ ਕੌਂਸਲਰ ਨਰੇਸ਼ ਕੁਮਾਰ ਬੱਬਲਾ ਨੇ ਫੌਰੀ ਸਫ਼ਾਈ ਸੇਵਕਾਂ ਨੂੰ ਲਗਾ ਕੇ ਪਾਣੀ ਦੀ ਨਿਕਾਸੀ ਕਰਵਾਈ। ਇਕ ਕਾਂਗਰਸੀ ਆਗੂ ਦੇ ਗ੍ਰਹਿ ਵਿੱਚ ਜਨਤਕ ਇਕੱਠ ਨੂੰ ਸੰਬੋਧਨ ਹੁੰਦਿਆਂ ਕਾਂਗਰਸ ਉਮੀਦਵਾਰ ਕਾਕਾ ਲੋਹਗੜ੍ਹ ਨੇ ਕਿਹਾ ਕਿ ਉਨ੍ਹਾਂ ਨੇ ਪੂਰੀ ਤਨਦੇਹੀ ਨਾਲ ਧਰਮਕੋਟ ਹਲਕੇ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਸੂਬੇ ਵਿੱਚ ਫਿਰ ਤੋਂ ਕਾਂਗਰਸ ਸਰਕਾਰ ਬਣਾਉਣ ਲਈ ਲੋਕ ਉਨ੍ਹਾਂ ਦਾ ਸਮਰਥਨ ਕਰਨ।