ਪੱਤਰ ਪ੍ਰੇਰਕ
ਮਾਨਸਾ, 14 ਨਵੰਬਰ
ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿੱਤ ਦਿਨ ਆਪਣੇ ਸਰਕਾਰੀ ਦਾਅਵਿਆਂ ਰਾਹੀਂ ਬਾਲ ਮਜ਼ਦੂਰੀ ਰੋਕਣ ਦੀ ਦੁਹਾਈ ਦਿੱਤੀ ਜਾਂਦੀ ਹੈ, ਪਰ ਅੱਜ ਬਾਲ ਦਿਵਸ ਮੌਕੇ ਵੀ ਅਨੇਕਾਂ ਥਾਵਾਂ ’ਤੇ ਛੋਟੇ ਬੱਚੇ ਆਪਣੇ ਪਰਿਵਾਰ ਦਾ ਬੋਝ ਉਠਾਉਣ ਲਈ ਮਜ਼ਦੂਰੀ ਕਰਦੇ ਰਹੇ। ਕਿਸੇ ਅਧਿਕਾਰੀ ਨੇ ਹੋਟਲਾਂ ਉਪਰ ਜੂਠੇ ਭਾਂਡੇ ਮਾਂਜਦੇ ਇਨ੍ਹਾਂ ਬੱਚਿਆਂ ਦੀ ਸਾਰ ਨਾ ਲਈ ਅਤੇ ਨਾ ਹੀ ਝੁੱਗੀਆਂ-ਝੌਪੜੀਆਂ ਵਿਚ ਰਹਿੰਦੀਆਂ ਬੱਚੀਆਂ ਨੂੰ ਸਕੂਲ ਭੇਜਣ ਲਈ ਪ੍ਰੇਰਿਆ ਗਿਆ। ਜ਼ਿਲ੍ਹੇ ਦੇ ਦਰਜਨਾਂ ਹੀ ਸਕੂਲਾਂ ਵਿਚ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਦੀਆਂ ਜੀਵਨੀਆਂ ਗਾਈਆਂ ਗਈਆਂ, ਪਰ ਕਾਗਜ਼ ਚੁੱਗ ਕੇ ਪਰਿਵਾਰ ਪਾਲਣ ਵਾਲੀਆਂ ਨੰਨ੍ਹੀਆਂ ਛਾਵਾਂ ਨੂੰ ਸਕੂਲ ਲਿਆਉਣ ਲਈ ਕੋਈ ਸਰਕਾਰੀ ਹੰਭਲਾ ਅੱਜ ਨਾ ਵੱਜ ਸਕਿਆ। ਇਨ੍ਹਾਂ ਨੰਨ੍ਹੇ ਬਾਲਾਂ ਨਾਲ, ਜਦੋਂ ਪੱਤਰਕਾਰਾਂ ਨੇ ਬਾਲ ਦਿਵਸ ਸਬੰਧੀ ਗੱਲ ਕੀਤੀ ਤਾਂ ਉਨ੍ਹਾਂ ਭੋਲੇ-ਭਾਲੇ ਬੱਚਿਆਂ ਨੇ ਇਸ ਦਿਵਸ ਤੋਂ ਅਣਜਾਣਤਾ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸਿਰਫ਼ ਦੋ ਢੰਗ ਦੀ ਰੋਟੀ ਦਾ ਹੀ ਫ਼ਿਕਰ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਦਿਵਸ ਤਾਂ ਉਹ ਹੈ, ਜਿਸ ਦਿਨ ਭੁੱਖਾ ਢਿੱਡ ਭਰਿਆ ਜਾਵੇੇ। ਛੋਟੇ ਬੱਚਿਆਂ ਨੇ ਕਿਹਾ ਕਿ ਦੁਨੀਆ ਫਿਰ ਹੀ ਚੰਗੀ ਲੱਗਦੀ ਹੈ, ਜੇ ਢਿੱਡ ਵਿਚ ਕੁੱਝ ਗਿਆ ਹੋਵੇ ਅਤੇ ਢਿੱਡ ਭਰਨ ਲਈ ਇਹ ਮਿਹਨਤ-ਮੁਸ਼ਕਤ ਕਰਨੀ ਪੈਂਦੀ ਹੈ। ਇਹ ਜ਼ਿਲ੍ਹਾ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੇ ਸੰਸਦੀ ਖੇਤਰ ਨਾਲ ਜੁੜਿਆ ਹੋਣ ਕਾਰਨ ਇਥੇ ਅਕਸਰ ਹੀ ਬੀਬੀ ਬਾਦਲ ਵੱਲੋਂ ਨੰਨ੍ਹੀਆਂ ਛਾਵਾਂ ਨੂੰ ਸਕੂਲ ਭੇਜਣ ਦੇ ਦਾਅਵੇ ਕੀਤੇ ਜਾਂਦੇ ਹਨ, ਪਰ ਇਨ੍ਹਾਂ ਦਾਅਵਿਆਂ ਦਾ ਵੀ ਜ਼ਿਲ੍ਹੇ ਵਿਚ ਜਲੂਸ ਨਿਕਲਿਆ ਪਿਆ ਹੈ। ਇਥੇ ਅਨੇਕਾਂ ਬੱਚੀਆਂ ਨੂੰ ਸਕੂਲ ਨਸੀਬ ਨਹੀਂ ਹੋ ਸਕੇ। ਜ਼ਿਲ੍ਹੇ ਦੀਆਂ ਅਨੇਕਾਂ ਬੱਚੀਆਂ ਸਕੂਲੋਂ ਬਹੁਤ ਦੂਰ ਹਨ। ਸਿੱਖਿਆ ਵਿਭਾਗ ਨੇ ਬੇਸ਼ੱਕ ਸਕੂਲੋਂ ਬਾਹਰਲੇ ਬੱਚਿਆਂ ਨੂੰ ਪਾਠਸ਼ਾਲਾਵਾਂ ਵਿਚ ਭੇਜਣ ਦੀਆਂ ਵਿਸ਼ੇਸ ਸਕੀਮਾਂ ਬਣਾਈਆਂ ਹੋਈਆਂ ਹਨ, ਪਰ ਉਨ੍ਹਾਂ ਦੇ ਸਾਰਥਕ ਨਤੀਜੇ ਅਜੇ ਤੱਕ ਸਾਹਮਣੇ ਨਹੀਂ ਆਏ। ਕਦੇ ਵੀ ਕਿਸੇ ਅਧਿਕਾਰੀ ਨੇ ਸਕੂਲਾਂ ਵਿੱਚ ਨਾ ਜਾ ਸਕਣ ਵਾਲੀਆਂ ਝੁੱਗੀਆਂ ਵਿਚ ਰਹਿੰਦੀਆਂ ਬੱਚੀਆਂ ਦੀ, ਉਨ੍ਹਾਂ ਦੇ ਮਾਪਿਆਂ ਕੋਲ ਜਾ ਕੇ ਸਾਰ ਨਹੀਂ ਲਈ ਅਤੇ ਨਾ ਹੀ ਕਦੇ ਬਾਜ਼ਾਰ ਵਿੱਚ ਕੂੜਾ-ਕਰਕਟ ਚੁੱਕਦੀਆਂ ਨੰਨ੍ਹੀਆਂ ਛਾਵਾਂ ’ਤੇ ਤਰਸ ਕੀਤਾ ਹੈ। ਦੂਜੇ ਪਾਸੇ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਦਾ ਕਹਿਣਾ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਬਾਲ ਮਜ਼ਦੂਰੀ ਰੋਕਣ ਲਈ ਬਾਕਾਇਦਾ ਰੂਪ ਵਿੱਚ ਇਕ ਮੁਹਿੰਮ ਵਿੱਢੀ ਹੋਈ ਹੈ। ਉਨ੍ਹਾਂ ਕਿਹਾ ਕਿ ਅਨੇਕਾਂ ਵਾਰ ਬਾਲ ਵਿਕਾਸ ਤੇ ਸਮਾਜ ਭਲਾਈ ਅਧਿਕਾਰੀਆਂ ਨੇ ਹੋਟਲਾਂ, ਢਾਬਿਆਂ ਉਤੇ ਜਾ ਕੇ ਅਜਿਹੀ ਮਜ਼ਦੂਰੀ ਕਰਦੇ ਬੱਚਿਆਂ ਨੂੰ ਫੜ ਕੇ ਉਨ੍ਹਾਂ ਦੇ ਮਾਪਿਆਂ ਨਾਲ ਗੱਲ ਕਰਕੇ, ਅਜਿਹੇ ਬੱਚਿਆਂ ਨੂੰ ਸਕੂਲ ਭੇਜਣ ਲਾਇਆ ਹੈ।
ਜ਼ਿਲ੍ਹਾ ਕਾਂਗਰਸ ਕਮੇਟੀ ਨੇ ਨਹਿਰੂ ਦਾ ਜਨਮ ਦਿਨ ਮਨਾਇਆ
ਮਾਨਸਾ (ਪੱਤਰ ਪ੍ਰੇਰਕ): ਜ਼ਿਲ੍ਹਾ ਕਾਂਗਰਸ ਕਮੇਟੀ ਵੱਲੋਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ 132ਵਾਂ ਜਨਮ ਦਿਨ ਮਨਾਇਆ ਗਿਆ, ਜਿਸ ਦੌਰਾਨ ਜ਼ਿਲ੍ਹਾ ਪ੍ਰਧਾਨ ਡਾ.ਮਨੋਜ ਮੰਜੂ ਬਾਂਸਲ ਦੀ ਅਗਵਾਈ ਹੇਠ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਡਾ. ਬਾਂਸਲ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਨੇ ਦੇਸ਼ ਦੀ ਖੁਸ਼ਹਾਲੀ ਤਰੱਕੀ ਲਈ ਅਹਿਮ ਯੋਗਦਾਨ ਪਾਉਣ ਕਾਰਨ ਅੱਜ ਦੇਸ ਤਰੱਕੀ ਦੇ ਰਾਹ ’ਤੇ ਹੈ, ਪਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਨੂੰ ਕੰਗਾਲੀ ਦੇ ਰਾਹ ਉਤੇ ਤੋਰਦਿਆਂ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣ ਕੇ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨੀ ਨੂੰ ਕੰਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਅਭਿਆਨ 21 ਨਵੰਬਰ ਤੱਕ ਮਨਾਇਆ ਜਾਵੇਗਾ। ਇਸ ਮੌਕੇ ਜ਼ਿਲ੍ਹਾ ਕਾਂਗਰਸ ਕਮੇਟੀ ਵਲੋਂ ਲੋੜਵੰਦ ਬੱਚਿਆਂ ਨੂੰ ਬੂਟ-ਜੁਰਾਬਾਂ ਵੰਡੀਆਂ ਗਈਆਂ। ਇਸ ਮੌਕੇ ਮਨਜੀਤ ਸਿੰਘ ਝੱਲਬੂਟੀ, ਗੁਰਪ੍ਰੀਤ ਸਿੰਘ ਵਿੱਕੀ,ਬਲਵਿੰਦਰ ਨਾਰੰਗ, ਦੀਦਾਰ ਸਿੰਘ ਖਾਰਾ,ਚਰਨਜੀਤ ਸਿੰਘ ਮਾਖਾ, ਨਰੋਤਮ ਸਿੰਘ ਚਹਿਲ,ਪ੍ਰੇਮ ਸਾਗਰ ਭੋਲਾ ਵੀ ਮੌਜੂਦ ਸਨ।