ਪੱਤਰ ਪ੍ਰੇਰਕ
ਅਬੋਹਰ, 18 ਅਪਰੈਲ
ਪੰਜਾਬੀ ਹਾਸ ਵਿਅੰਗ ਦੇ ਨਾਮਵਰ ਲੇਖਕ ਮਰਹੂਮ ਪ੍ਰਿੰਸੀਪਲ ਬਲਦੇਵ ਸਿੰਘ ਆਜ਼ਾਦ ਦੀ ਯਾਦ ਵਿੱਚ ਸਾਹਿਤ, ਸੱਭਿਆਚਾਰ ਮੰਚ ਵੱਲੋਂ ਸਥਾਨਕ ਸ਼ਹਿਰ ਦੇ ਕੁਮਹਾਰ ਭਵਨ ਵਿੱਚ ਚਾਨਣ ਦੀ ਲੋਅ ਸਾਹਿਤਕ ਸਮਾਰੋਹ ਕਰਵਾਇਆ ਗਿਆ, ਜਿਸ ਵਿੱਚ ਇਲਾਕੇ ਦੇ ਲੇਖਕਾਂ, ਬੁੱਧੀਜੀਵੀਆਂ ਤੇ ਸਾਹਿਤ ਪ੍ਰੇਮੀਆਂ ਨੇ ਸ਼ਿਰਕਤ ਕੀਤੀ। ਸਮਾਗਮ ਦਾ ਆਗਾਜ਼ ਗੁਰਤੇਜ ਜੋਧਪੁਰ ਤੇ ਜਗਸੀਰ ਸਿੰਘ ਵੱਲੋਂ ਦੇਸ਼ ਭਗਤਾਂ ਦੀਆਂ ਕੁਰਬਾਨੀਆਂ ਨੂੰ ਬਿਆਨਦੀ ਕਵੀਸ਼ਰੀ ਨਾਲ ਕੀਤਾ ਗਿਆ। ਪਹਿਲੇ ਸੈਸ਼ਨ ਵਿੱਚ ਪ੍ਰਿੰਸੀਪਲ ਆਜ਼ਾਦ ਦੀ ਪੰਜਾਬੀ ਸਾਹਿਤ ਨੂੰ ਦੇਣ ਤੇ ਬੋਲਦਿਆਂ ਉੱਘੇ ਆਲੋਚਕ ਤੇ ਸਾਹਿਤਕਾਰ ਡਾ. ਸੁਰਜੀਤ ਬਰਾੜ ਨੇ ਆਖਿਆ ਕਿ ਉਨ੍ਹਾਂ ਦਾ ਸ਼ੁਮਾਰ ਹਾਸ ਵਿਅੰਗ ਦੇ ਪ੍ਰਮੁੱਖ ਵਿਅੰਗ ਲੇਖਕਾਂ ਵਿੱਚ ਹੁੰਦਾ ਹੈ, ਜਿਨ੍ਹਾਂ ਕਲਾ ਜੀਵਨ ਲਈ ਦੇ ਆਦਰਸ਼ ’ਤੇ ਪਹਿਰਾ ਦਿੰਦਿਆਂ ਸਮਾਜ ਦੀ ਬੇਹਤਰੀ ਲਈ ਲਿਖਿਆ। ਡਾ. ਬਰਾੜ ਨੇ ਸਾਹਿਤ ਨੂੰ ਜ਼ਿੰਦਗੀ ਤੇ ਸਮਾਜ ਦਾ ਮਾਰਗ ਦਰਸ਼ਕ ਦੱਸਿਆ, ਜੋ ਰਾਹ ਰੁਸ਼ਨਾਉਂਦਾ ਹੈ। ਜੀਵਨ ਵਿੱਚ ਸਾਹਿਤ ਦੀ ਭੂਮਿਕਾ ਬਾਰੇ ਕਹਾਣੀਕਾਰ ਅਤਰਜੀਤ ਨੇ ਆਖਿਆ ਕਿ ਸਾਹਿਤ ਚੰਗੇਰੀ ਤੇ ਸੁਖਾਵੀਂ ਜ਼ਿੰਦਗੀ ਦਾ ਪ੍ਰਤੀਕ ਹੈ, ਜੋ ਮਨੁੱਖ ਦੇ ਸੁਪਨਿਆਂ ਨੂੰ ਉਡਾਣ ਦਿੰਦਾ ਹੈ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਭੁਪਿੰਦਰ ਉਤਰੇਜਾ ਨੇ ਸਾਹਿਤ ਤੇ ਕਲਾ ਨਾਲ ਜੀਵਨ ਵਿੱਚ ਜੇਤੂ ਰੰਗ ਭਰਨ ਲਈ ਅਜਿਹੇ ਸਮਾਰੋਹਾਂ ਦੀ ਲੋੜ ’ਤੇ ਜ਼ੋਰ ਦਿੱਤਾ। ਦੂਸਰੇ ਸੈਸ਼ਨ ਵਿੱਚ ਹੋਏ ਕਵੀ ਦਰਬਾਰ ਵਿੱਚ ਕੁਲਦੀਪ ਬੰਗੀ, ਹਰਦੀਪ ਢਿੱਲੋਂ, ਅੰਮ੍ਰਿਤ ਪਾਲ ਬਠਿੰਡਾ, ਪ੍ਰਿੰਸੀਪਲ ਸੁਖਦੇਵ, ਆਤਮਾ ਰਾਮ ਰੰਜਨ, ਪਵਨਪ੍ਰੀਤ ਕੌਰ, ਡਾ. ਅਸ਼ਮੀਤ, ਰਵਿੰਦਰ ਗਿੱਲ, ਵਿਜੈ ਅੰਤ, ਗੁਰਸੇਵਕ ਬੀੜ ਤੇ ਜੈਸਮੀਨ ਕੌਰ ਨੇ ਆਪੋ ਆਪਣੀਆਂ ਰਚਨਾਵਾਂ ਪੜ੍ਹੀਆਂ। ਮੰਚ ਸੰਚਾਲਨ ਮਾਸਟਰ ਕੁਲਜੀਤ ਡੰਗਰ ਖੇੜਾ ਨੇ ਕੀਤਾ। ਸਮਾਰੋਹ ਵਿੱਚ ਚਿੱਤਰ ਪ੍ਰਦਰਸ਼ਨੀ, ਪੁਸਤਕ ਸਟਾਲ ਤੇ ਮੈਗਜ਼ੀਨ ‘ਪੈੜਾਂ ਚਾਨਣੀਆ’ ਖਿੱਚ ਦਾ ਕੇਂਦਰ ਰਹੇ।