ਖੇਤਰੀ ਪ੍ਰਤੀਨਿਧ
ਬਰਨਾਲਾ, 20 ਸਤੰਬਰ
ਕੌਮਾਂਤਰੀ ਕਲਾਕਾਰ ਸੰਗਮ ਪੰਜਾਬ ਵੱਲੋਂ ਕਲਾਕਾਰ ਭਵਨ ਵਿੱਚ ਸਾਹਿਤਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕੀਤੀ। ਪ੍ਰਧਾਨਗੀ ਮੰਡਲ ਵਿੱਚ ਕੰਵਰਜੀਤ ਭੱਠਲ ਅਤੇ ਪਰਮਜੀਤ ਮਾਨ ਵੀ ਸ਼ਾਮਲ ਸਨ। ਸਕੱਤਰ ਜਨਰਲ ਕੰਵਰਜੀਤ ਭੱਠਲ ਨੇ ਆਏ ਲੇਖਕਾਂ ਨੂੰ ਜੀ ਆਇਆਂ ਕਿਹਾ ਅਤੇ ਸੰਗਮ ਦੀਆਂ ਗਤੀਵਿਧੀਆਂ ਬਾਰੇ ਰਿਪੋਰਟ ਪੇਸ਼ ਕੀਤੀ। ਸਮਾਗਮ ਵਿੱਚ ਤਿੰਨ ਪੁਸਤਕਾਂ, ਡਾ. ਜੋਗਿੰਦਰ ਸਿੰੰਘ ਨਿਰਾਲਾ ਦੀ ‘ਮੇਰੀਆਂ ਪਿਆਰੀਆਂ ਕਹਾਣੀਆਂ’, ਨਿਰੰਜਣ ਸ਼ਰਮਾ ਸੇਖਾ ਦੀ ‘ਕੱਚੀਆਂ ਪੱਕੀਆਂ’ ਵਿਅੰਗ ਸੰਗ੍ਰਹਿ ਅਤੇ ਡਾ. ਉਜਾਗਰ ਸਿੰਘ ਮਾਨ ਦੀ ‘ਮੇਰੀ ਅੱਲੜ੍ਹ ਵਰੇਸ’ ਕਾਵਿ ਸੰਗ੍ਰਹਿ ਦੇ ਨਾਲ ‘ਕਲਾਕਾਰ ਸਾਹਿਤਕ’ ਦਾ 138 ਵਾਂ ਅੰਕ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਤੇਜਾ ਸਿੰਘ ਤਿਲਕ ਨੇ ਪੁਸਤਕਾਂ ਦੀ ਜਾਣ-ਪਛਾਣ ਕਰਵਾਈ ਅਤੇ ਕਿਹਾ ਕਿ ਨਿਰਾਲਾ ਦੀਆਂ ਕਹਾਣੀਆਂ ਸੱਚਮੁੱਚ ਹੀ ਪਿਆਰੀਆਂ ਹਨ। ਡਾ. ਜੋਗਿੰਦਰ ਸਿੰਘ ਨਿਰਾਲਾ ਨੇ ਕਿਹਾ ਕਿ ਨਿਰੰਜਣ ਸ਼ਰਮਾ ਸਾਡੇ ਇਲਾਕੇ ਦਾ ਇਕਲੌਤਾ ਵਿਅੰਗ ਲੇਖਕ ਹੈ ਜਿਸ ਦੇ ਲੇਖਾਂ ਵਿੱਚ ਹਾਸ-ਰਸ ਨਾਲੋਂ ਵਿਅੰਗ ਵਧੇਰੇ ਹੁੰਦਾ ਹੈ। ਸਮਾਗਮ ਦੇ ਦੂਜੇ ਦੌਰ ਵਿੱਚ ਹਾਜ਼ਰ ਕਵੀਆਂ, ਰਾਮ ਸਰੂਪ ਸ਼ਰਮਾ ਤੇਜਿੰਦਰ ਚੰਡਿਹੋਕ, ਡਾ. ਸੁਰਿੰਦਰ ਭੱਠਲ , ਡਾ. ਉਜਾਗਰ ਸਿੰਘ ਮਾਨ, ਡਾ. ਅਮਨਦੀਪ ਸਿੰਘ ਟੱਲੇਵਾਲੀਆ, ਕੰਵਰਜੀਤ ਭੱਠਲ ਤੇ ਪਰਮਜੀਤ ਮਾਨ ਨੇ ਆਪੋ-ਆਪਣੀਆਂ ਕਵਿਤਾਵਾਂ ਗ਼ਜ਼ਲਾਂ ’ਤੇ ਗੀਤ ਸੁਣਾਏ।