ਜਸਵੰਤ ਜੱਸ
ਫਰੀਦਕੋਟ, 10 ਅਪਰੈਲ
ਪੰਜਾਬੀ ਸਾਹਿਤ ਸਭਾ ਫਰੀਦਕੋਟ ਅਤੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਫਰੀਦਕੋਟ ਵੱਲੋਂ ਵੀ ਇੱਥੇ ਬ੍ਰਿਜਿੰਦਰਾ ਕਾਲਜ ਮੂਹਰੇ ਬੀਐੱਸਸੀ (ਖੇਤੀਬਾੜੀ) ਦੀ ਪੜ੍ਹਾਈ ਬਚਾਉਣ ਦੀ ਮੰਗ ਸਬੰਧੀ ਧਰਨੇ ’ਤੇ ਬੈਠੇ ਵਿਦਿਆਰਥੀਆਂ ਦਾ ਸਮਰਥਨ ਕੀਤਾ ਹੈ। ਵਿਦਿਆਰਥੀਆਂ ਦੇ ਧਰਨੇ ਵਿੱਚ ਸ਼ਾਮਲ ਹੁੰਦਿਆਂ ਸਾਹਿਤਕਾਰ ਪ੍ਰੋ. ਪਾਲ ਸਿੰਘ ਪਾਲ ਨੇ ਕਿਹਾ ਕਿ ਸਰਕਾਰ ਨੇ ਕੁਝ ਘਾਟਾਂ ਦੱਸ ਕੇ ਹੁਣ ਫ਼ਰੀਦਕੋਟ ਦੇ ਸਰਕਾਰੀ ਬ੍ਰਿਜਿੰਦਰਾ ਕਾਲਜ ਵਿੱਚ ਬੀਐੱਸਸੀ (ਖੇਤੀਬਾੜੀ) ਦੀ ਪੜ੍ਹਾਈ ਲਈ ਦਾਖਲੇ ਬੰਦ ਕਰਨ ਦਾ ਫੈਸਲਾ ਕੀਤਾ ਹੈ, ਜੋ ਨਿੰਦਣਯੋਗ ਹੈ। ਲੇਖਕ ਇਕਬਾਲ ਘਾਰੂ ਅਤੇ ਪ੍ਰਿੰ. ਨਵਰਾਹੀ ਘੁਗਿਆਣਵੀ ਨੇ ਕਿਹਾ ਕਿ ਬ੍ਰਿਜਿੰਦਰਾ ਕਾਲਜ ਵਿੱਚ ਬੀ.ਐੱਸ.ਸੀ (ਖੇਤੀਬਾੜੀ) ਦੀ ਪੜ੍ਹਾਈ ਕਾਫ਼ੀ ਘੱਟ ਫੀਸਾਂ ’ਤੇ ਹੁੰਦੀ ਸੀ, ਜਦੋਂਕਿ ਨਿੱਜੀ ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਇਸ ਪੜ੍ਹਾਈ ਲਈ ਮੋਟੀਆਂ ਫੀਸਾਂ ਭਰਨੀਆਂ ਪੈਂਦੀਆਂ ਹਨ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਅਮਿਤ ਕੁਮਾਰ ਗੁਪਤਾ, ਸੀਨੀਅਰ ਮੈਂਬਰ ਗੁਰਤਾਜ ਸੰਧੂ ਅਤੇ ਅਵਤਾਰ ਕ੍ਰਿਸ਼ਨ ਬਵੇਰਵਾਲ ਨੇ ਕਿਹਾ ਕਿ ਜੇਕਰ ਕਾਲਜ ਨੂੰ ਬਚਾਉਣ ਕਾਨੂੰਨੀ ਚਾਰਾਜੋਈ ਦੀ ਲੋੜ ਪਈ ਤਾਂ ਉਹ ਵੀ ਕੀਤੀ ਜਾਵੇਗੀ। ਇਸ ਮੌਕੇ ਲੇਖਕ ਲਾਲ ਸਿੰਘ ਕਲਸੀ, ਸੁਰਿੰਦਰਪਾਲ ਸ਼ਰਮਾ ਤੇ ਧਰਮ ਪ੍ਰਵਾਨਾ ਨੇ ਸੰਬੋਧਨ ਕੀਤਾ।