ਪੱਤਰ ਪ੍ਰੇਰਕ
ਜ਼ੀਰਾ, 17 ਸਤੰਬਰ
ਇੱਥੋਂ ਦੇ ਪਿੰਡ ਮਨਸੂਰਵਾਲ ਕਲਾਂ ਵਿਚ ਸਥਿਤ ਮਾਲਬਰੋਜ਼ ਇੰਟਰਨੈਸ਼ਨਲ ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਜ਼ਦੂਰਾਂ ਵੱਲੋਂ ਸ਼ਰਾਬ ਫੈਕਟਰੀ ਨੂੰ ਦੁਬਾਰਾ ਸ਼ੁਰੂ ਕਰਵਾਉਣ ਅਤੇ ਆਪਣੇ ਰੁਜ਼ਗਾਰ ਨੂੰ ਵਾਪਸ ਲੈਣ ਸਬੰਧੀ ਪਿੰਡ ਰਟੌਲ ਰੋਹੀ ਦੀ ਸਰਵਿਸ ਰੋਡ ’ਤੇ ਲਗਾਇਆ ਗਿਆ ਸ਼ਾਂਤਮਈ ਰੋਸ ਧਰਨਾ ਅੱਜ 46ਵੇਂ ਦਿਨ ਵਿੱਚ ਦਾਖਲ ਹੋ ਗਿਆ ਹੈ। ਇਸ ਮੌਕੇ ਮੁਲਾਜ਼ਮਾਂ ਵਿੱਚ ਫੈਕਟਰੀ ਨਾ ਖੁੱਲ੍ਹਣ ਕਾਰਨ ਕਾਫ਼ੀ ਰੋਹ ਸੀ। ਇਸ ਮੌਕੇ ਕੰਪਨੀ ਮੁਲਾਜ਼ਮ ਦਲਜੀਤ ਸਿੰਘ ਬੁੱਟਰ, ਗੁਰਜੰਟ ਸਿੰਘ ਮੰਡ, ਸੁਖਜੀਤ ਸਿੰਘ ਸੋਢੀ, ਗੁਰਪ੍ਰੀਤ ਸਿੰਘ ਸਿੱਧੂ, ਕੁਲਵਿੰਦਰ ਸਿੰਘ ਸਿੱਧੂ, ਜਸਬੀਰ ਸਿੰਘ, ਨਿਖਿਲ ਕੁਮਾਰ, ਗੁਰਤੇਜ ਸਿੰਘ ਮਹੀਆਂ ਵਾਲਾ ਨੇ ਕਿਹਾ ਕਿ ਕਿਸਾਨ ਭਰਾਵਾਂ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕੰਪਨੀ ਦੇ ਮੇਨ ਗੇਟ ‘ਤੇ ਲਗਾਏ ਗਏ ਧਰਨੇ ਨੂੰ 300 ਮੀਟਰ ਦੂਰ ਕਰਨ ਬਾਰੇ ਆਦੇਸ਼ ਜਾਰੀ ਕੀਤੇ ਹੋਏ ਹਨ ,ਪਰ ਉਹ ਉਨ੍ਹਾਂ ਆਦੇਸ਼ਾਂ ਦੀ ਵੀ ਪਾਲਣਾ ਨਹੀਂ ਕਰ ਰਹੇ। ਉਨ੍ਹਾਂ ਕਿਹਾ ਕਿ ਕਿਸਾਨ ਭਰਾਵਾਂ ਦਾ ਕਹਿਣਾ ਹੈ ਕਿ ਕੰਪਨੀ ਵੱਲੋਂ ਗੰਦਾ ਪਾਣੀ ਹੇਠਾਂ ਧਰਤੀ ਵਿੱਚ ਪਾਇਆ ਜਾ ਰਿਹਾ ਹੈ, ਜਦੋਂਕਿ ਅਜਿਹਾ ਕੁਝ ਵੀ ਨਹੀਂ ਕੀਤਾ ਜਾ ਰਿਹਾ ।
ਉਨ੍ਹਾਂ ਕਿਹਾ ਕਿ ਫੈਕਟਰੀ ਬੰਦ ਹੋਣ ਕਾਰਨ ਘਰ ਦਾ ਗੁਜ਼ਾਰਾ ਚਲਾਉਣਾ ਵੀ ਮੁਸ਼ਕਲ ਹੋਇਆ ਪਿਆ ਹੈ। ਅੰਤ ਵਿੱਚ ਮਾਲਬਰੋਜ਼ ਕੰਪਨੀ ਦੇ ਸਮੂਹ ਮਜ਼ਦੂਰਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਪੁਰਜ਼ੋਰ ਸ਼ਬਦਾਂ ਵਿੱਚ ਅਪੀਲ ਕੀਤੀ ਹੈ ਕਿ ਕੰਪਨੀ ਨੂੰ ਜਲਦ ਤੋਂ ਜਲਦ ਖੁੱਲ੍ਹਵਾਇਆ ਜਾਵੇ ਤਾਂ ਜੋ ਉਹ ਕੰਮ ਕਰਕੇ ਆਪਣਾ ਪਰਿਵਾਰ ਪਾਲ ਸਕੀਏ।