ਪੱਤਰ ਪ੍ਰੇਰਕ
ਮਾਨਸਾ, 14 ਅਪਰੈਲ
ਮਾਨਸਾ ਦੇ ਪਿੰਡਾਂ ਬੱਪੀਆਣਾ ਤੇ ਫਫੜੇ ਭਾਈਕੇ ’ਚ ਅੱਜ 25 ਏਕੜ ਕਣਕ ਦਾ ਨਾੜ ਸਾੜ ਕੇ ਸੁਆਹ ਹੋ ਗਿਆ। ਅੱਗ ਲੱਗਣ ਦਾ ਕਾਰਨ ਅਸਮਾਨੀ ਬਿਜਲੀ ਦੇ ਡਿੱਗਣ ਨੂੰ ਦੱਸਿਆ ਜਾ ਰਿਹਾ ਹੈ। ਮਾਰਕਿਟ ਕਮੇਟੀ ਭੀਖੀ ਦੇ ਚੇਅਰਮੈਨ ਤੇ ਪਿੰਡ ਫਫੜੇ ਭਾਈਕੇ ਦੇ ਸਰਪੰਚ ਇਕਬਾਲ ਸਿੰਘ ਸਿੱਧੂ ਨੇ ਦੱਸਿਆ ਕਿ ਕਣਕ ਕੱਢਣ ਤੋਂ ਬਾਅਦ ਖੇਤਾਂ ’ਚ ਖੜ੍ਹੇ ਨਾੜ ਤੋਂ ਕਿਸਾਨਾਂ ਵੱਲੋਂ ਤੂੜੀ ਬਣਾਉਣੀ ਸੀ, ਪਰ ਅੱਗ ਲੱਗਣ ਨਾਲ ਸਾਢੇ 15 ਏਕੜ ਰਕਬਾ ਸੜ ਕੇ ਸੁਆਹ ਹੋ ਗਿਆ। ਉਨ੍ਹਾਂ ਦੱਸਿਆ ਕਿ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੇ ਚਾਰ ਪਿੰਡਾਂ ਦੇ ਨੌਜਵਾਨ ਕਿਸਾਨਾਂ-ਮਜ਼ਦੂਰਾਂ ਵੱਲੋਂ ਜੱਦੋ-ਜਹਿਦ ਕਰਨ ਨਾਲ ਅੱਗ ’ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਨਾਲ ਕੁਲਵਿੰਦਰ ਸਿੰਘ,ਭੋਲਾ ਸਿੰਘ, ਗੁਲਾਬ ਸਿੰਘ, ਟਿਵਾਣਾ ਸਿੰਘ, ਮੀਤਾ ਸਿੰਘ, ਮਿੱਠੂ ਸਿੰਘ ਦੇ ਖੇਤ ਵਿੱਚ ਕਣਕ ਦੇ ਨਾੜ ਨੂੰ ਅੱਗ ਲੱਗਣ ਕਾਰਨ ਵਿੱਤੀ ਨੁਕਸਾਨ ਹੋਇਆ ਹੈ। ਇਸੇ ਦੌਰਾਨ ਪਿੰਡ ਬੱਪੀਆਣਾ ਦੇ ਸਰਪੰਚ ਕੁਲਦੀਪ ਸਿੰਘ ਸੇਖੋ ਨੇ ਦੱਸਿਆ ਕਿ ਕਿਸਾਨਾਂ ਵੱਲੋਂ ਕਣਕ ਕੱਢਣ ਤੋਂ ਬਾਅਦ ਖੇਤਾਂ ਵਿੱਚ ਰਹਿੰਦੇ ਕਣਕ ਦੇ ਨਾੜ ਦੀ ਤੂੜੀ ਤਿਆਰ ਕਰਨੀ ਸੀ ਪਰ ਅੱਗ ਲੱਗਣ ਕਾਰਨ 10 ਏਕੜ ਨਾੜ ਅੱਗ ਲੱਗਣ ਨਾਲ ਸੜਕੇ ਸੁਆਹ ਹੋ ਗਿਆ।