ਪੱਤਰ ਪ੍ਰੇਰਕ
ਮਾਨਸਾ, 6 ਸਤੰਬਰ
ਮਾਲਵਾ ਖੇਤਰ ਵਿੱਚ ਕੱਲ੍ਹ ਦੇਰ ਸ਼ਾਮ ਚੱਲੀਆਂ ਤੇਜ਼ ਹਵਾਵਾਂ ਤੋਂ ਬਾਅਦ ਹੁਣ ਅਗਲੇ 24 ਤੋਂ 36 ਘੰਟਿਆਂ ਦੌਰਾਨ ਮੌਸਮ ਵਿਭਾਗ ਨੇ ਹਲਕਾ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਇਸ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਤੋਂ ਛੁਟਕਾਰਾ ਮਿਲਣ ਦੀ ਸੰਭਾਵਨਾ ਪੈਦਾ ਹੋ ਗਈ ਹੈ। ਖੇਤੀ ਮਹਿਕਮੇ ਨੂੰ ਖੁਸ਼ਕ ਮੌਸਮ ਕਰਕੇ ਪੈਦਾ ਹੋਈਆਂ ਕਈ ਬਿਮਾਰੀਆਂ ਤੋਂ ਫ਼ਸਲਾਂ ਨੂੰ ਰਾਹਤ ਮਿਲਣ ਦੀ ਉਮੀਦ ਬਣ ਗਈ ਹੈ।
ਗ੍ਰਾਮੀਣ ਕਿ੍ਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਿਨ ਅਨੁਸਾਰ ਆਉਣ ਵਾਲੇ 24 ਤੋਂ 36 ਘੰਟਿਆਂ ਦੌਰਾਨ ਹਲਕੀ ਬਾਰਸ਼ ਦੀ ਸੰਭਾਵਨਾ ਹੈ, ਜਦੋਂ ਕਿ ਉਸ ਤੋਂ ਬਾਅਦ ਖੁਸ਼ਕ ਮੌਸਮ ਦਾ ਅਨੁਮਾਨ ਹੈ। ਰਿਪੋਰਟ ਅਨੁਸਾਰ ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 35.0 ਤੋਂ 36.0 ਅਤੇ ਘੱਟ ਤੋਂ ਘੱਟ ਤਾਪਮਾਨ 21.0 ਤੋਂ 22.0 ਡਿਗਰੀ ਸੈਂਟੀਗਰੇਡ ਦੇ ਵਿਚਕਾਰ ਰਹੇਗਾ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਗਲੇ ਦਿਨਾਂ ਦੌਰਾਨ ਬੱਦਲਵਾਈ ਰਹੇਗੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਡਾ. ਰਾਜ ਕੁਮਾਰ ਪਾਲ ਨੇ ਦੱਸਿਆ ਕਿ ਭਾਵੇਂ ਰਾਜ ਵਿੱਚ ਅੱਜਕੱਲ੍ਹ ਲੋੜੋਂ ਵਧ ਗਰਮੀ ਪੈ ਰਹੀ ਹੈ, ਪਰ ਅਗਲੇ 36 ਘੰਟਿਆਂ ਦੌਰਾਨ ਡਿੱਗਣ ਵਾਲੀਆਂ ਕਣੀਆਂ ਕਾਰਨ ਤਾਪਮਾਨ ਘਟੇਗਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀ.ਐਸ ਰੋਮਾਣਾ ਨੇ ਦੱਸਿਆ ਕਿ ਕਿਸਾਨਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉੱਚ ਨਮੀ ਅਤੇ ਬੱਦਲਵਾਈ ਵਾਲਾ ਮੌਸਮ ਹੋਣ ’ਤੇ ਝੂਠੀ ਕਾਂਗਿਆਰੀ ਨੂੰ ਕੰਟਰੋਲ ਕਰਨ ਲਈ ਝੋਨੇ ਦੀ ਫ਼ਸਲ ਨੂੰ ਬੂਟ ਅਵਸਥਾ ’ਤੇ ਗੈਲੀਲੋਓ ਵੇ 18.76 ਐਸ.ਸੀ, 400 ਮਿਲੀ ਲੀਟਰ ਜਾਂ ਕੋਸੀਡ 46 ਡੀਐਫ-500 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾਕੇ ਛਿੜਕਾਅ ਕਰਨਾ ਚਾਹੀਦਾ ਹੈ।