ਜੋਗਿੰਦਰ ਸਿੰਘ ਮਾਨ
ਮਾਨਸਾ, 19 ਅਪਰੈਲ
ਮਾਲਵਾ ਖੇਤਰ ਦੇ ਪੇਂਡੂ ਖਰੀਦ ਕੇਂਦਰਾਂ ਵਿੱਚ ਚੁਕਾਈ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਕਿਸਾਨਾਂ ਵੱਲੋਂ ਆਪਣੀ ਪੁੱਤਾਂ ਵਾਂਗ ਪਾਲੀ ਕਣਕ ਦੀ ਫ਼ਸਲ ਨੂੰ ਵੇਚਣ ਲਈ ਭੁੰਜੇ ਸੁੱਟਿਆ ਜਾ ਰਿਹਾ ਹੈ। ਅਨੇਕਾਂ ਥਾਵਾਂ ’ਤੇ ਬਾਰਦਾਨੇ ਦਾ ਮਸਲਾ ਵੀ ਸੁਲਝਿਆ ਨਹੀਂ, ਜਦੋਂਕਿ ਅੰਨਦਾਤਾ ਨੂੰ ਤੋਲਾ-ਤੁਲਾਈ ਲਈ ਕਈ-ਕਈ ਦਿਨ ਉਲਝਣਾ ਪੈ ਰਿਹਾ ਹੈ।
ਮਾਨਸਾ ਦੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤੋਂ ਬਾਅਦ ਵੀ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ’ਚੋਂ ਲਿਫਟਿੰਗ ਦੀ ਸਮੱਸਿਆ ਹੱਲ ਨਹੀਂ ਹੋਈ। ਜ਼ਿਲ੍ਹੇ ਦੇ ਵੱਡੇ ਆਗੂਆਂ ਦੇ ਪਿੰਡਾਂ ਦੀਆਂ ਅਨਾਜ ਮੰਡੀਆਂ ’ਚੋਂ ਵੀ ਖਰੀਦ ਏਜੰਸੀਆਂ ਨੇ ਕਣਕ ਦੀਆਂ ਬੋਰੀਆਂ ਨਹੀਂ ਚੁੱਕੀਆਂ। ਕਣਕ ਦੀ ਖਰੀਦ ਕਰ ਰਹੀਆਂ ਸਾਰੀਆਂ ਏਜੰਸੀਆਂ ਮਾਰਕਫੈੱਡ, ਐਫ.ਸੀ.ਆਈ, ਪਨਗਰੇਨ, ਪਨਸਪ, ਪੰਜਾਬ ਐਗਰੋਂ, ਵੇਅਰ ਹਾਊਸ ਵੱਲੋਂ ਮੰਡੀਆਂ ਨੂੰ ਵਿਹਲੇ ਕਰਵਾਉਣ ਦੇ ਹਰ ਹੀਲੇ ਦਾ ਅੱਜ ਸ਼ਾਮ ਤੱਕ ਕੁਝ ਨਹੀਂ ਹੋਇਆ। ਅਨੇਕਾਂ ਥਾਵਾਂ ’ਤੇ ਬਾਰਦਾਨੇ ਦਾ ਮਸਲਾ ਨਾ ਸੁਲਝਣ ਕਰਕੇ ਅੰਨਦਾਤਾ ਤੋਲਾ-ਤੁਲਾਈ ਦੀ ਤਕਲੀਫ਼ ਵਿੱਚ ਉਲਝਿਆ ਹੋਇਆ ਹੈ।
ਜ਼ਿਲ੍ਹੇ ਦੀਆਂ ਸਾਰੀਆਂ ਅਨਾਜ ਮੰਡੀਆਂ ’ਚ ਲਿਫਟਿੰਗ ਦੀ ਜੋ ਭਾਰੀ ਪ੍ਰੇਸ਼ਾਨੀ ਕਈ ਦਿਨਾਂ ਤੋਂ ਚੱਲੀ ਆ ਰਹੀ ਹੈ, ਉਹ ਅੱਜ ਵੀ ਠੱਲ੍ਹੀ ਨਹੀਂ ਜਾ ਸਕੀ। ਮੋਟੇ ਤੌਰ ’ਤੇ ਦੋ ਦਰਜਨ ਤੋਂ ਵੱਧ ਅਨਾਜ ਮੰਡੀਆਂ ’ਚ ਕਣਕ ਦੀ ਲਿਫਟਿੰਗ ਦੀ ਵੱਡੀ ਸਮੱਸਿਆ ਪੈਦਾ ਹੋ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਲਿਫਟਿੰਗ ਨਾ ਹੋਣ ਕਾਰਨ ਨਵੀਂ ਜਿਣਸ ਮੰਡੀ ’ਚ ਨਹੀਂ ਆ ਸਕਦੀ। ਇਸੇ ਦੌਰਾਨ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਮੁੜ ਸਖ਼ਤੀ ਨਾਲ ਅਧਿਕਾਰੀਆਂ ਨੂੰ ਆਦੇਸ਼ ਕੀਤੇ ਕਿ ਉਹ ਮੰਡੀਆਂ ’ਚੋਂ ਤੁਰੰਤ ਰੁਕੀ ਪਈ ਕਣਕ ਨੂੰ ਚੁਕਵਾਉਣ। ਉਨ੍ਹਾਂ ਜ਼ਿਲ੍ਹੇ ਦੇ ਤਿੰਨੇ ਐੱਸਡੀਐਮਜ਼ ਨੂੰ ਕਿਹਾ ਕਿ ਉਹ ਮੰਡੀਆਂ ’ਚੋਂ ਜਲਦੀ ਲਿਫਟਿੰਗ ਕਰਵਾਉਣ। ਉਧਰ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਆਗੂ ਦਰਸ਼ਨ ਸਿੰਘ ਗੁਰਨੇ ਨੇ ਦੱਸਿਆ ਕਿ ਜ਼ਿਲ੍ਹੇ ਦੀਆਂ ਸਾਰੀਆਂ ਟਰੱਕ ਯੂਨੀਅਨਾਂ ’ਤੇ ਆਮ ਆਦਮੀ ਪਾਰਟੀ ਦਾ ਬੋਲ-ਬਾਲਾ ਕਾਇਮ ਹੋਣ ਦੇ ਬਾਵਜੂਦ ਮੰਡੀਆਂ ’ਚੋਂ ਖਰੀਦੀ ਗਈ ਕਣਕ ਨੂੰ ਚੁੱਕਣ ਵਿੱਚ ਪਤਾ ਨਹੀਂ ਕਿਉਂ ਮੁਸ਼ਕਲ ਆ ਰਹੀ ਹੈ। ਦੂਜੇ ਪਾਸੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ ਨੇ ਕਿਹਾ ਕਿ ਮੰਡੀਆਂ ’ਚੋਂ ਚੁਕਾਈ ਦੀ ਬਿਪਤਾ ਕਾਰਨ ਕਿਸਾਨਾਂ ਦੀ ਹੋਰ ਕਣਕ ਨੂੰ ਵੇਚਣ ਲਈ ਪਿੜਾਂ ਵਿੱਚ ਲਿਆਉਣੀ ਇਸ ਵੇਲੇ ਸਭ ਤੋਂ ਵੱਡੀ ਤਕਲੀਫ਼ ਬਣੀ ਹੋਈ ਹੈ।