ਸ਼ਗਨ ਕਟਾਰੀਆ
ਬਠਿੰਡਾ, 30 ਜੁਲਾਈ
ਮਾਲਵਾ ਖਿੱਤੇ ਦੇ ਬਹੁਤੇ ਹਿੱਸਿਆਂ ਵਿੱਚ ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਹੁਣ ਲੋਕਾਂ ਮੂੰਹੋਂ ‘ਤੌਬਾ’ ਕਰਵਾ ਦਿੱਤੀ ਹੈ। ਬਠਿੰਡਾ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਪਏ ਮੀਂਹ ਸਦਕਾ ਨੀਵੇਂ ਖੇਤਰਾਂ ’ਚ ਵੱਸਦੇ ਲੋਕਾਂ ਦੀ ਜਾਨ ’ਤੇ ਬਣੀ ਹੋਈ ਹੈ। ਦਹਾਕਿਆਂ ਪੁਰਾਣੀ ਪਾਣੀ ਦੇ ਨਿਕਾਸ ਦੀ ਸਮੱਸਿਆ ਅਜੇ ਵੀ ਮੂੰਹ ਅੱਡੀ ਖੜ੍ਹੀ ਹੈ। ਬਠਿੰਡਾ ਸ਼ਹਿਰ ਵਿੱਚ ਹਲਕਾ ਮੀਂਹ ਪੈਣ ’ਤੇ ਹੀ ਬਹੁਤ ਸਾਰੇ ਵਾਰਡਾਂ ’ਚ ਪਾਣੀ ਭਰ ਜਾਂਦਾ ਹੈ। ਇਸੇ ਤਰ੍ਹਾਂ ਮਾਲਵੇ ’ਚ ਨਰਮੇ ਦੀ ਫ਼ਸਲ ਦੀ ਬਹੁਤਾਤ ਹੈ ਅਤੇ ਫ਼ਸਲਾਂ ’ਚ ਰੁਕਿਆ ਮੀਂਹ ਦਾ ਪਾਣੀ ਫ਼ਸਲ ਦੀ ਬਰਬਾਦੀ ਦਾ ਸਬੱਬ ਬਣ ਰਿਹਾ ਹੈ। ਖੇਤੀ ਮਾਹਿਰਾਂ ਦੀ ਮੰਨੀਏ ਤਾਂ ਉਹ ਮੀਂਹ ਨੂੰ ਚਿੱਟੇ ਮੱਛਰ ਦਾ ਦੁਸ਼ਮਣ ਦੱਸਦੇ ਹਨ। ਉਨ੍ਹਾਂ ਮੁਤਾਬਕ ਮੀਂਹ ਨੇ ਚਿੱਟੇ ਮੱਛਰ ਦਾ ਵਿਆਪਕ ਪੱਧਰ ’ਤੇ ਖਾਤਮਾ ਕੀਤਾ ਹੈ ਪਰ ਜ਼ਿਆਦਾ ਮੀਂਹ ਦਾ ਨੁਕਸਾਨ ਸਬਜ਼ੀਆਂ ਦੀਆਂ ਫ਼ਸਲਾਂ ਨੂੰ ਹੋਇਆ ਹੈ। ਸਬਜ਼ੀ ਉਤਪਾਦਕ ਨੱਥਾ ਸਿੰਘ ਨੇ ਦੱਸਿਆ ਕਿ ਸਬਜ਼ੀਆਂ ਦੀਆਂ ਵੇਲਾਂ ਮੀਂਹ ਦਾ ਪਾਣੀ ਖੜ੍ਹਨ ਨਾਲ ਸੁੱਕ ਗਈਆਂ ਹਨ। ਮੀਂਹ ਦੀ ਮਾਰ ਝੱਲਣ ਵਾਲੇ ਲੋਕ ਹੁਣ ਕੁੱਝ ਦਿਨ ਸੁੱਕੇ ਮੌਸਮ ਦੀ ਕਾਮਨਾ ਕਰ ਰਹੇ ਹਨ ਜਦ ਕਿ ਮੌਸਮ ਦਾ ਮਿਜਾਜ਼ ਮਾਨਣ ਵਾਲਿਆਂ ਦਾ ਤਰਕ ਹੈ ਕਿ ਜੇਕਰ ਧੁੱਪ ਨਿਕਲੀ ਤਾਂ ਹੁੰਮਸ ਫਿਰ ਵਧ ਸਕਦੀ ਹੈ।
ਫਾਜ਼ਿਲਕਾ (ਪਰਮਜੀਤ ਸਿੰਘ): ਫਾਜ਼ਿਲਕਾ ਸ਼ਹਿਰ ਅਤੇ ਆਲੇ-ਦੁਆਲੇ ਦੇ ਸਰਹੱਦੀ ਪਿੰਡਾਂ ਵਿੱਚ ਅੱਜ ਦੁਪਹਿਰ ਤੋਂ ਬਾਅਦ ਪਏ ਭਾਰੀ ਮੀਂਹ ਕਾਰਨ ਜਿੱਥੇ ਮੌਸਮ ਸੁਹਾਵਣਾ ਹੋ ਗਿਆ, ਉੱਥੇ ਹੀ ਸੜਕਾਂ ਤੇ ਗਲੀਆਂ ਵਿੱਚ ਜਮ੍ਹਾਂ ਹੋਏ ਪਾਣੀ ਕਾਰਨ ਵਾਹਨ ਚਾਲਕਾਂ, ਰਾਹਗੀਰਾਂ ਅਤੇ ਹੋਰਨਾਂ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸੇ ਦੌਰਾਨ ਸਰਹੱਦੀ ਖੇਤਰ ਅਤੇ ਸਤਲੁਜ ਦਰਿਆ ਪਾਰ ਵੱਸੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ। ਇਸ ਮੌਕੇ ਗੁਰਮੀਤ ਸਿੰਘ, ਅੰਗਰੇਜ਼ ਸਿੰਘ, ਵੀਰ ਸਿੰਘ, ਲੱਡੂ ਸਿੰਘ, ਵੀਰੋ ਬਾਈ ਅਤੇ ਚੰਨਾ ਸਿੰਘ ਨੇ ਕਿਹਾ ਕਿ ਅੱਜ ਬਾਅਦ ਦੁਪਹਿਰ ਸ਼ੁਰੂ ਹੋਏ ਮੀਂਹ ਕਾਰਨ ਜਿੱਥੇ ਅਤਿ ਦੀ ਪੈ ਰਹੀ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲੀ ਉੱਥੇ ਹੀ ਮੀਂਹ ਕਾਰਨ ਪਿੰਡ ਤੇਜ਼ਾ ਰੁਹੇਲਾ, ਮਹਾਤਮ ਨਗਰ, ਗੱਡੀ ਨੰਬਰ-1, ਦੋਨਾ ਨਾਨਕਾ, ਮੁਹਾਰ ਜਮਸ਼ੇਰ ਤੇ ਹੋਰਨਾਂ ਪਿੰਡਾਂ ਦੀਆਂ ਸੜਕਾਂ, ਗਲੀਆਂ, ਨਾਲੀਆਂ ਵਿੱਚ ਕਾਫ਼ੀ ਮਾਤਰਾ ਵਿੱਚ ਪਾਣੀ ਭਰ ਜਾਣ ਕਾਰਨ ਪਿੰਡਾਂ ਤੋਂ ਸ਼ਹਿਰ ਅਤੇ ਖੇਤਾਂ ਵਿੱਚ ਆਪਣੇ ਕੰਮਾਂ ਲਈ ਗਏੇ ਲੋਕ ਤੇ ਵਿਦਿਆਰਥੀਆਂ ਨੂੰ ਆਉਣ ਜਾਣ ਵਿੱਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ ਕਿ ਮੀਂਹ ਦੇ ਦਿਨਾਂ ਵਿੱਚ ਨਰਮੇ ਤੇ ਝੋਨੇ ਦੀਆਂ ਫਸਲਾਂ, ਪਸ਼ੂਆਂ ਦੇ ਚਾਰੇ ਅਤੇ ਖੇਤਾਂ ਵਿੱਚ ਬੀਜੀਆਂ ਸਬਜ਼ੀਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ, ਜਿਸ ਕਰ ਕੇ ਪਿੰਡਾਂ ਦੇ ਵਸਨੀਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡਾਂ ਦੇ ਵਸਨੀਕਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਪਿੰਡਾਂ ਦੀ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ।
ਪੰਜਾਬ ’ਚ ਅਗਲੇ ਤਿੰਨ ਦਿਨ ਮੌਨਸੂਨ ਕਮਜ਼ੋਰ ਪੈਣ ਦੀ ਸੰਭਾਵਨਾ
ਮਾਨਸਾ (ਪੱਤਰ ਪ੍ਰੇਰਕ): ਪੰਜਾਬ ਵਿੱਚ ਮੌਨਸੂਨ ਅਗਲੇ ਤਿੰਨ ਦਿਨ ਕਮਜ਼ੋਰ ਰਹੇਗੀ। ਪਠਾਨਕੋਟ, ਪਟਿਆਲਾ, ਲੁਧਿਆਣਾ, ਬਰਨਾਲਾ, ਫਿਰੋਜ਼ਪੁਰ, ਮਾਨਸਾ, ਜਲੰਧਰ, ਮੁਹਾਲੀ ਅਤੇ ਅੰਮ੍ਰਿਤਸਰ ਵਿੱਚ ਪਿਛਲੇ 48 ਘੰਟਿਆਂ ਵਿੱਚ ਭਰਵਾਂ ਮੀਂਹ ਪਿਆ ਹੈ ਪਰ ਹੁਣ ਆਉਣ ਵਾਲੇ ਦਿਨਾਂ ਵਿੱਚ ਮੀਂਹ ਘੱਟ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਭਾਵੇਂ ਕਿ ਪੰਜਾਬ ਵਿੱਚ ਇਸ ਵਾਰ ਚੰਗਾ ਮੀਂਹ ਪੈਣ ਦੀਆਂ ਰਿਪੋਰਟਾਂ ਮਿਲੀਆਂ ਹਨ ਪਰ ਮੌਸਮ ਵਿਭਾਗ ਮੁਤਾਬਕ ਮਾਨਸਾ, ਮੋਗਾ ਅਤੇ ਹੁਸ਼ਿਆਰਪੁਰ ਵਿੱਚ 50 ਫੀਸਦੀ ਮੀਂਹ ਘੱਟ ਪਏ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਗਿਆਨੀਆਂ ਨੇ ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ ਦਿੰਦਿਆਂ ਕਿਹਾ ਹੈ ਕਿ ਸਬਜ਼ੀਆਂ, ਨਰਮਾ ਅਤੇ ਪਸ਼ੂਆਂ ਦੇ ਹਰੇ-ਚਾਰੇ ਵਿੱਚ ਪਾਣੀ ਨਾ ਖੜ੍ਹਨ ਦੇਣ। ਗ੍ਰਾਮੀਣ ਕ੍ਰਿਸ਼ੀ ਮੌਸਮ ਸੇਵਾ (ਭਾਰਤ ਮੌਸਮ ਵਿਭਾਗ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਮੌਸਮੀ ਸਲਾਹ ਬੁਲੇਟਨ ਅਨੁਸਾਰ 31 ਜੁਲਾਈ ਤੋਂ 2 ਅਗਸਤ ਤੱਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਤਰਨ ਤਾਰਨ, ਨਵਾਂ ਸ਼ਹਿਰ, ਕਪੂਰਥਲਾ, ਜਲੰਧਰ, ਫ਼ਤਹਿਗੜ੍ਹ ਸਾਹਿਬ, ਰੂਪਨਗਰ, ਪਟਿਆਲਾ ਅਤੇ ਮੁਹਾਲੀ ਵਿੱਚ ਅਗਲੇ ਤਿੰਨ ਦਿਨ ਮੀਂਹ ਦੀ ਰਫ਼ਤਾਰ ਘਟੇਗੀ। ਇਹੀ ਹਾਲ ਮਾਨਸਾ, ਸੰਗਰੂਰ, ਬਰਨਾਲਾ, ਲੁਧਿਆਣਾ, ਬਠਿੰਡਾ, ਮੋਗਾ, ਮੁਕਤਸਰ, ਫ਼ਰੀਦਕੋਟ, ਫਿਰੋਜ਼ਪੁਰ ਤੇ ਫਾਜ਼ਿਲਕਾ ਜ਼ਿਲ੍ਹਿਆਂ ’ਚ ਰਹੇਗਾ।