ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੂਨ
ਸੀਪੀਆਈ (ਐਮ.ਐਲ) ਲਬਿਰੇਸ਼ਨ ਵੱਲੋਂ ਇੱਥੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ, ਝੂਠੇ ਮੁਕੱਦਮਿਆਂ ਵਿੱਚ ਜੇਲ੍ਹਾਂ ’ਚ ਬੰਦ ਬੁੱਧੀਜੀਵੀਆਂ ਤੇ ਸਿਆਸੀ ਕਾਰਕੁਨਾਂ ਦੀ ਰਿਹਾਈ ਦੀ ਮੰਗ ਲਈ ਅਤੇ ਸੰਘ-ਭਾਜਪਾ ਦੀ ਸਰਪ੍ਰਸਤੀ ਹੇਠ ਧਾਰਮਿਕ ਘੱਟ ਗਿਣਤੀਆਂ ਤੇ ਉਨ੍ਹਾਂ ਦੇ ਧਾਰਮਿਕ ਸਥਾਨਾਂ ਉੱਤੇ ਹੋ ਰਹੇ ਹਮਲਿਆਂ ਖ਼ਿਲਾਫ਼ ਅੱਜ ਮਾਨਸਾ ਸ਼ਹਿਰ ਅੰਦਰ ਰੋਸ ਦਿਖਾਵਾ ਕੀਤਾ ਗਿਆ।
ਲਬਿਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ਇਕ ਪਾਸੇ ਬਿਨਾਂ ਕਿਸੇ ਛੁੱਟੀ ਜਾਂ ਪੈਰੋਲ ਦੇ ਕਈ ਸਿੱਖ ਕੈਦੀ ਆਪਣੀ ਸਜ਼ਾ ਪੂਰੀ ਕਰ ਚੁੱਕੇ ਹੋਣ ਦੇ ਬਾਵਜੂਦ ਢਾਈ-ਢਾਈ ਦਹਾਕਿਆਂ ਤੋਂ ਜੇਲ੍ਹਾਂ ’ਚ ਬੰਦ ਹਨ, ਕਈ ਸੰਗਠਨਾਂ ਵੱਲੋਂ ਲੰਬੇ ਸਮੇਂ ਤੋਂ ਮੰਗ ਕਰਨ ਦੇ ਬਾਵਜੂਦ ਸਰਕਾਰ ਉਨ੍ਹਾਂ ਨੂੰ ਰਿਹਾਅ ਨਹੀਂ ਕਰ ਰਹੀ ਹੈ। ਦੂਜੇ ਪਾਸੇ, ਲਖੀਮਪੁਰ ਖੀਰੀ ਵਿਚ ਪੰਜ ਸ਼ਾਂਤਮਈ ਅੰਦੋਲਨਕਾਰੀਆਂ ਨੂੰ ਗੱਡੀ ਹੇਠ ਦਰੜ ਕੇ ਕਤਲ ਕਰ ਦੇਣ ਵਾਲੇ ਕੇਂਦਰੀ ਮੰਤਰੀ ਮਿਸ਼ਰਾ ਦੇ ਪੁੱਤਰ ਨੂੰ ਝੱਟ ਜ਼ਮਾਨਤ ਦੇ ਦਿੱਤੀ ਸੀ, ਜੋ ਸੁਪਰੀਮ ਕੋਰਟ ਵੱਲੋਂ ਫਿਟਕਾਰ ਪਾਉਣ ’ਤੇ ਮਜਬੂਰਨ ਰੱਦ ਕਰਨੀ ਪਈ।
ਲਬਿਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਕਿਹਾ ਕਿ ਸੰਘ-ਭਾਜਪਾ ਵੱਲੋਂ ਭੀਮਾ ਕੋਰੇਗਾਓਂ ਅਤੇ ਦਿੱਲੀ ਵਿਚ ਕਥਿਤ ਕਰਵਾਏ ਫ਼ਿਰਕੂ ਦੰਗਿਆਂ ਵਿਚ ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਬਜਾਇ ਉਲਟਾ ਕਿੰਨੇ ਹੀ ਨਿਰਦੋਸ਼ ਬੁੱਧੀਜੀਵੀਆਂ, ਵਿਦਿਆਰਥੀ ਆਗੂਆਂ ਅਤੇ ਮਨੁੱਖੀ ਅਧਿਕਾਰ ਕਾਰਕੁਨਾਂ ਨੂੰ ਜੇਲ੍ਹਾਂ ਵਿਚ ਡੱਕਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਵੱਡੀ ਉਮਰ, ਸਰੀਰਕ ਅਪੰਗਤਾ ਅਤੇ ਗੰਭੀਰ ਬਿਮਾਰੀਆਂ ਦੇ ਬਾਵਜੂਦ ਉਨ੍ਹਾਂ ਨੂੰ ਜ਼ਮਾਨਤ ਤੱਕ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਸਮਾਜ ਦੇ ਕਮਜ਼ੋਰ ਤਬਕਿਆਂ ਤੇ ਦਲਿਤਾਂ ਉੱਤੇ ਜਾਤੀਵਾਦੀ ਅਨਸਰਾਂ ਵੱਲੋਂ ਲਗਾਤਾਰ ਹਮਲੇ ਕੀਤੇ ਜਾ ਰਹੇ ਹਨ ਅਤੇ ਇਹ ਸਭ ਮੌਜੂਦਾ ਸੰਵਿਧਾਨ ਨੂੰ ਨਕਾਰ ਕੇ ਦੇਸ਼ ਉੱਤੇ ਮਨੂੰ ਸਮ੍ਰਿਤੀ ਥੋਪਣ ਦੀ ਸੰਘ ਪਰਿਵਾਰ ਦੀ ਯੋਜਨਾਬੱਧ ਸਕੀਮ ਅਧੀਨ ਕੀਤਾ ਜਾ ਰਿਹਾ ਹੈ। ਲਬਿਰੇਸ਼ਨ ਆਗੂ ਨੇ ਕਿਹਾ ਹੈ ਕਿ ਉਹ ਇਕ ਪਾਸੇ ਪੰਜਾਬ ਵਿੱਚ ਸਿੱਧੂ ਮੂਸੇਵਾਲਾ ਸਣੇ ਲਗਾਤਾਰ ਹੋ ਰਹੇ ਕਤਲਾਂ ਤੇ ਦਹਿਸ਼ਤੀ ਵਾਰਦਾਤਾਂ ਅਤੇ ਦੂਜੇ ਪਾਸੇ ਕਾਂਗਰਸ ਤੇ ਬਾਦਲ ਦਲ ਦੇ ਮੋਹਰੀ ਆਗੂਆਂ ਵੱਲੋਂ ਧੜਾਧੜ ਭਾਜਪਾ ’ਚ ਸ਼ਾਮਲ ਹੋਣ ਦੇ ਆਪਸੀ ਸਬੰਧ ਦੀ ਜੁੜਦੀਆਂ ਤੰਦਾਂ ਨੂੰ ਸਮਝਣ ਦੀ ਲੋੜ ਹੈ।
ਇਸ ਮੌਕੇ 95 ਸਾਲਾਂ ਕਮਿਊਨਿਸਟ ਆਗੂ ਕਾਮਰੇਡ ਕਿਰਪਾਲ ਸਿੰਘ ਬੀਰ, ਪਰਸ਼ੋਤਮ ਸ਼ਰਮਾ, ਗੁਰਮੀਤ ਸਿੰਘ, ਜਸਬੀਰ ਕੌਰ ਨੱਤ, ਨਿੱਕਾ ਸਿੰਘ ਬਹਾਦਰਪੁਰ ਆਦਿ ਨੇ ਵੀ ਸੰਬੋਧਨ ਕੀਤਾ।