ਜੋਗਿੰਦਰ ਸਿੰਘ ਮਾਨ
ਮਾਨਸਾ, 4 ਜੁਲਾਈ
ਮਾਨਸਾ-ਬਰਨਾਲਾ ਸੜਕ ’ਤੇ ਬੱਸ ਅਤੇ ਕਾਰ ਦੀ ਹੋਈ ਆਹਮੋ-ਸਾਹਮਣੇ ਦੀ ਟੱਕਰ ਵਿੱਚ ਛੇ ਜਣਿਆਂ ਦੀ ਮੌਤ ਦਾ ਮਾਮਲਾ ਮੁੱਖ ਮੰਤਰੀ ਦੇ ਦਰਬਾਰ ਪੁੱਜ ਗਿਆ ਹੈ। ਇਲਾਕੇ ਦੀਆਂ ਪੰਚਾਇਤਾਂ ਵੱਲੋਂ ਮਾੜੀ ਸੜਕ ਦਾ ਮਾਮਲਾ ਮੁੱਖ ਮੰਤਰੀ ਕੋਲ ਇੱਕ ਪੱਤਰ ਭੇਜ ਕੇ ਉਠਾਇਆ ਗਿਆ ਹੈ। ਇਸ ਦੁਰਘਟਨਾ ਲਈ ਇਲਾਕੇ ਦੀਆਂ ਪੰਚਾਇਤਾਂ ਅਤੇ ਪ੍ਰਾਈਵੇਟ ਬੱਸ ਅਪਰੇਟਰਾਂ ਸਮੇਤ ਪੀਆਰਟੀਸੀ ਦੇ ਕਾਮਿਆਂ ਨੇ ਮਾੜੀ ਸੜਕ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਸੜਕ ਦਾ ਮਾਨਸਾ ਜ਼ਿਲ੍ਹੇ ਵਾਲਾ ਹਿੱਸਾ ਬਣਨ ਵੰਨੀਓ ਲੰਬੇ ਸਮੇਂ ਤੋਂ ਤਰਸ ਰਿਹਾ ਹੈ। ਇਸ ਸੜਕ ਦੀ ਮੁਰੰਮਤ ਨਾ ਹੋਣ ਕਾਰਨ ਸੈਂਕੜਿਆਂ ਘਰਾਂ ਵਿਚ ਸੱਥਰ ਵਿਛ ਚੁੱਕੇ ਹਨ ਪਰ ਸਰਕਾਰ ਵੱਲੋਂ ਇਸ ਖਸਤਾ ਹਾਲ ਸੜਕ ’ਤੇ ਕਦੇ ਸਰਕਾਰ ਦੀ ਸਵੱਲੀ ਨਜ਼ਰ ਪਈ। ਜ਼ਿਲ੍ਹਾ ਪ੍ਰਾਈਵੇਟ ਬੱਸ ਅਪਰੇਟਰ ਐਸੋਸੀਏਸ਼ਨ ਦੇ ਸਰਪ੍ਰਸਤ ਤੇਜਾ ਸਿੰਘ ਪੱਖੋ ਅਤੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਦਾ ਕਹਿਣਾ ਹੈ ਕਿ ਥਾਂ-ਥਾਂ ’ਤੇ ਟੋਏ ਹੋਣ ਕਾਰਨ ਬੱਸਾਂ ਨੂੰ ਚਲਾਉਣਾ ਔਖਾ ਬਣਿਆ ਹੋਇਆ ਹੈ। ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਆਗੂ ਨਿਰਮਲ ਸਿੰਘ ਨੇ ਦੱਸਿਆ ਕਿ ਸੜਕੀਂ ਟੋਇਆਂ ’ਤੇ ਬੱਸਾਂ ਸਮੇਤ ਹੋਰ ਵਹੀਕਲਾਂ ਨੂੰ ਚਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਹੈ।
ਸਥਿਤੀ ਦਾ ਦੁਖਾਂਤ ਇਹ ਵੀ ਹੈ ਕਿ ਇਸ ਸੜਕ ਦੀ ਮਾੜੀ ਹਾਲਤ ਦਾ ਖਮਿਆਜ਼ਾ ਹਰਿਆਣੇ ਵਾਲੇ ਪਾਸਿਓਂ ਅਤੇ ਮਾਨਸਾ ਤੋਂ ਜੋ ਮਰੀਜ਼ਾਂ ਨੂੰ ਲੁਧਿਆਣਾ ਦੇ ਹਸਪਤਾਲਾਂ ਵਿੱਚ ਲਿਜਾਇਆ ਜਾਂਦਾ ਹੈ, ਉਨ੍ਹਾਂ ਨੂੰ ਭੁਗਤਣਾ ਪੈਂਦਾ ਹੈ।
ਉਧਰ ਮਾਨਸਾ ਦੇ ਡਿਪਟੀ ਕਮਿਸ਼ਨਰ ਮਹਿੰਦਰ ਪਾਲ ਨਾਲ ਜਦੋਂ ਇਸ ਮਾੜੀ ਸੜਕ ਦੀ ਸਥਿਤੀ ਬਾਰੇ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਇਸ ਸੜਕ ਉਪਰ ਪ੍ਰੀਮਿਕਸ ਪਾਉਣ ਲਈ ਪਹਿਲਾਂ ਹੀ ਲਿਖਿਆ ਹੋਇਆ ਹੈ।