ਪੱਤਰ ਪ੍ਰੇਰਕ
ਭੁੱਚੋ ਮੰਡੀ,19 ਜਨਵਰੀ
ਪਿੰਡ ਲਹਿਰਾ ਮੁਹੱਬਤ ਦੇ ਵਾਸੀਆਂ ਨੇ ਵੱਖ-ਵੱਖ ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਧਰਮਸ਼ਾਲਾ ਵਿੱਚ ਇਕੱਠ ਕਰ ਕੇ ਛੇ ਕਿਲੋ ਮੀਟਰ ਦੇ ਘੇਰੇ ਵਿੱਚ ਟੌਲ ਟੈਕਸ ਮੁਆਫ਼ ਕਰਨ ਅਤੇ ਖੇਤਾਂ ਨੂੰ ਜਾਂਦੇ ਰਾਸਤਿਆਂ ਕੋਲ ਬਣਾਏ ਕੱਟਾਂ ਨੂੰ ਹਾਦਸਾ ਮੁਕਤ ਢੰਗ ਨਾਲ ਬਣਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਇਲਕਲਾਬੀ ਕੇਂਦਰ ਪੰਜਾਬ ਦੇ ਆਗੂ ਜਗਜੀਤ ਸਿੰਘ ਲਹਿਰਾ, ਕਿਸਾਨ ਆਗੂ ਰਾਮਪਾਲ ਸਿੰਘ, ਗੁਰਮੇਲ ਸਿੰਘ ਅਤੇ ਹਰਨੇਕ ਸਿੰਘ ਨੇ ਕਿਹਾ ਕਿ ਲਹਿਰਾ ਮੁਹੱਬਤ ਲਹਿਰਾ ਬੇਗਾ ਟੌਲ ਪਲਾਜ਼ਾ ਤੋਂ ਮਹਿਜ਼ ਛੇ ਕਿਲੋ ਮੀਟਰ ਦੀ ਦੂਰੀ ’ਤੇ ਹੈ।
ਪਿੰਡ ਵਾਸੀਆਂ ਨੂੰ ਆਪਣੇ ਵਾਹਨਾਂ ’ਤੇ ਸ਼ਹਿਰ ਅਤੇ ਆਦੇਸ਼ ਹਸਪਤਾਲ ਵਿੱਚ ਮਰੀਜ਼ਾਂ ਦੀ ਸਾਂਭ ਸੰਭਾਲ ਲਈ ਵਾਰ ਵਾਰ ਜਾਣਾ ਆਉਣਾ ਪੈਂਦਾ ਹੈ। ਇਸ ਕਾਰਨ ਉਨ੍ਹਾਂ ਨੂੰ ਭਾਰੀ ਟੌਲ ਟੈਕਸ ਭਰਨਾ ਪੈਂਦਾ ਹੈ। ਪਿੰਡ ਵਾਸੀਆਂ ਨੇ 22 ਜਨਵਰੀ ਨੂੰ ਛੇਵੀਂ ਪਾਤਸ਼ਾਹੀ ਗੁਰਦੁਆਰੇ ਵਿੱਚ ਨਗਰ ਦਾ ਭਾਰੀ ਇਕੱਠ ਬੁਲਾਇਆ ਹੈ।