ਪੱਤਰ ਪ੍ਰੇਰਕ
ਭੁੱਚੋ ਮੰਡੀ, 6 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਮੋਠੂ ਸਿੰਘ ਕੋਟੜਾ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਮੀਟਿੰਗ ਕਰ ਕੇ ਟੌਲ ਟੈਕਸ ਵਿੱਚ ਕੀਤੇ ਵਾਧੇ ਨੂੰ ਵਾਪਸ ਲੈਣ ਤੱਕ ਟੌਲ ਪਲਾਜ਼ਾ ਨਾ ਚੱਲਣ ਦੇਣ ਦਾ ਐਲਾਨ ਕੀਤਾ ਹੈ। ਲਹਿਰਾ ਬੇਗਾ ਟੌਲ ਪਲਾਜ਼ਾ ’ਤੇ ਉਗਰਾਹਾਂ ਧੜੇ ਵੱਲੋਂ ਇੱਕ ਅਕਤੂਬਰ 2020 ਤੋਂ ਲਾਏ ਪੱਕੇ ਮੋਰਚੇ ਤੋਂ ਬਾਅਦ ਹਾਲੇ ਤੱਕ ਚੱਲਣ ਨਹੀਂ ਦਿੱਤਾ ਗਿਆ। ਇਸ ਮੌਕੇ ਜ਼ਿਲ੍ਹਾ ਆਗੂ ਮੋਠੂ ਸਿੰਘ ਕੋਟੜਾ ਅਤੇ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਹੋਰਨਾਂ ਮੰਗਾਂ ਦੀ ਸਹਿਮਤੀ ਮੌਕੇ ਉਨ੍ਹਾਂ ਨਾਲ ਟੌਲ ਪਲਾਜ਼ਿਆਂ ’ਤੇ ਟੌਲ ਟੈਕਸ ਦੀਆਂ ਪੁਰਾਣੀਆਂ ਦਰਾਂ ਵਸੂਲੇ ਜਾਣ ’ਤੇ ਹੀ ਟੌਲ ਪਲਾਜ਼ਾ ਛੱਡਣ ਦੀ ਸਹਿਮਤੀ ਬਣੀ ਸੀ। ਇਸ ਤਹਿਤ ਲਹਿਰਾ ਬੇਗਾ ਅਤੇ ਜੀਦਾ ਟੌਲ ਪਲਾਜ਼ਾ ਬੰਦ ਰੱਖੇ ਜਾਣਗੇ।