ਖੇਤਰੀ ਪ੍ਰਤੀਨਿਧ
ਬਰਨਾਲਾ, 22 ਨਵੰਬਰ
ਤਿੰਨ ਖੱਬੇ ਪੱਖੀ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵੱਲੋਂ ਅੱਜ ਮਜ਼ਦੂਰ ਮੰਗਾਂ ਦੀ ਪ੍ਰਾਪਤੀ ਲਈ ਡੀ.ਸੀ. ਬਰਨਾਲਾ ਦਫ਼ਤਰ ਵਿਖੇ ਰੋਸ ਪ੍ਰਦਰਸ਼ਨ ਕੀਤਾ। ਧਰਨਾਕਾਰੀਆਂ ਵੱਲੋਂ ਡੀ.ਸੀ. ਕੰਪਲੈਕਸ ਦੇ ਗੇਟ ਅੱਗੇ ਪੁੱਜ ਕੇ ਬਰਨਾਲਾ-ਮਾਨਸਾ ਟ੍ਰੈਫਿਕ ਵੀ ਜਾਮ ਕੀਤਾ ਗਿਆ। ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰ ਮੰਗਾਂ ਦੀ ਪੂਰਤੀ ਲਈ ਸੁਣਵਾਈ ਪਹਿਲ ਦੇ ਆਧਾਰ ’ਤੇ ਯਕੀਨੀ ਬਣਾਈ ਜਾਵੇ। ਮਜ਼ਦੂਰ ਧਰਨੇ ਨੂੰ ਸੰਬੋਧਨ ਕਰਦਿਆਂ ਲਬਿਰੇਸ਼ਨ ਦੇ ਆਗੂ ਗੁਰਪ੍ਰੀਤ ਰੂੜੇਕੇ, ਏਕਟ ਦੇ ਖੁਸ਼ੀਆ ਸਿੰਘ ਬਰਨਾਲਾ ਤੇ ਸੀਟੂ ਪੰਜਾਬ ਦੇ ਕਾ. ਭੋਲਾ ਸਿੰਘ ਕਲਾਲ ਮਾਜਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗਰੀਬ ਮਜ਼ਦੂਰਾਂ ਨਾਲ ਵੱਡੇ-ਵੱਡੇ ਦਾਅਵੇ ਕੀਤੇ ਗਏ ਪ੍ਰੰਤੂ ਅਮਲ ਵਿੱਚ ਕੁਝ ਵੀ ਨਹੀਂ ਹੋ ਰਿਹਾ। ਆਗੂਆਂ ਨੇ ਕਿਹਾ ਕਿ ਮਜ਼ਦੂਰ ਤੇ ਗਰੀਬ ਵਰਗ ਨੂੰ ਛੋਟੇ-ਛੋਟੇ ਕੰਮਾਂ ਲਈ ਸਰਕਾਰੀ ਦਫ਼ਤਰਾਂ ’ਚ ਦਰਜਾ 4 ਤੋਂ ਲੈ ਕੇ ਜ਼ਿਲ੍ਹਾ ਪ੍ਰਸਾਸ਼ਨਿਕ ਅਧਿਕਾਰੀਆਂ ਤੱਕ ਬੇਵਜ੍ਹਾ ਚੱਕਰ ਮਰਵਾਉਂਦੇ ਹਨ ਤੇ ਕਥਿਤ ਤੌਰ ’ਤੇ ਜ਼ਲੀਲ ਵੀ ਕਰਦੇ ਹਨ।
ਬੀਡੀਪੀਓ ਵੱਲੋਂ ਸਮਾਂ ਦੇ ਕੇ ਵੀ ਮੀਟਿੰਗ ਨਾ ਕਰਨ ਤੋਂ ਭੜਕੇ ਮਜ਼ਦੂਰ
ਮਜ਼ਦੂਰ ਆਗੂਆਂ ਉਸ ਸਮੇਂ ਹੋਰ ਵੀ ਖਫ਼ਾ ਹੋ ਗਏ ਜਦੋਂ ਡੀ.ਸੀ. ਦੇ ਦਖਲ ਪਿੱਛੋਂ ਡੀਡੀਪੀਓ ਬਰਨਾਲਾ ਨੇ ਮੰਗਾਂ ਸਬੰਧੀ ਸ਼ਾਮ 3:30 ਵਜੇ ਚਰਚਾ ਲਈ ਸਮਾਂ ਦੇ ਕੇ ਵੀ ਸਮੇਂ ਸਿਰ ਮੀਟਿੰਗ ਨਾ ਕੀਤੀ। ਉਪਰੰਤ ਧਰਨਾਕਾਰੀਆਂ ਨੇ ਧਰਨਾ ਚੁੱਕ ਕੇ ਡੀ.ਸੀ. ਕੰਪਲੈਕਸ ਦੇ ਮੁੱਖ ਗੇਟ ਅੱਗੇ ਬਰਨਾਲਾ-ਮਾਨਸਾ ਸੜਕ ’ਤੇ ਬੈਠ ਕੇ ਟ੍ਰੈਫਿਕ ਜਾਮ ਕਰ ਦਿੱਤਾ। ਅਖੀਰ ਭਲਕੇ 10 ਕੁ ਵਜੇ ਮੀਟਿੰਗ ਦਾ ਸਮਾਂ ਤੈਅ ਹੋਣ ਪਿੱਛੋਂ ਜਾਮ ਖੋਲ੍ਹਿਆ ਗਿਆ।