ਨਿੱਜੀ ਪੱਤਰ ਪ੍ਰੇਰਕ
ਸ੍ਰੀ ਮੁਕਤਸਰ ਸਾਹਿਬ, 30 ਨਵੰਬਰ
‘ਇੰਟਰਨਲ ਅਸੈਸਮੈਂਟ’ ਦੇ ਨੰਬਰ ਲਾਉਣ ਅਤੇ ਲੈਕਚਰ ਪੂਰੇ ਕਰਨ ਦੀ ਆੜ ਹੇਠ ਡਾਈਟ ਵਿਦਿਆਰਥਣਾਂ ਦਾ ਸਰੀਰਕ ਅਤੇ ਮਾਨਸਿਕ ਸ਼ੋਸ਼ਨ ਕੀਤੇ ਜਾਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਇਕ ਲੈਕਚਰਾਰ ਨੂੰ ਸਿੱਖਿਆ ਵਿਭਾਗ ਨੇ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਹੈ। ਸਿੱਖਿਆ ਵਿਭਾਗ (ਸਕੂਲਜ਼) ਦੇ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਰਮਿੰਦਰ ਸਿੰਘ ਲੈਕਚਰਾਰ ਜੋ ਹੁਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਨੌਕਰੀ ਕਰ ਰਿਹਾ ਹੈ, ਨੇ 2015-17 ਵਿੱਚ ਡਾਇਟ ਬਰਕੰਦੀ ਵਿਖੇ ਆਪਣੀ ਨਿਯੁਕਤੀ ਦੌਰਾਨ ਵਿਦਿਆਰਥਣਾਂ ਦਾ ਸਰੀਰਕ ਤੇ ਮਾਨਸਿਕ ਸ਼ੋਸ਼ਨ ਕੀਤਾ ਸੀ। ਇਸ ਸਬੰਧੀ ਜਾਰੀ ਦੋਸ਼ਾਂ ਦੀ ਪੜਤਾਲ ਕਰਾਉਣ ਉਪਰੰਤ ਕਰਮਚਾਰੀ ਵਿਰੁੱਧ ਲਾਏ ਗਏ ਦੋਸ਼ਾਂ ਨੂੰ ਸਹੀ ਪਾਇਆ ਗਿਆ। ਹੁਕਮਾਂ ਅਨੁਸਾਰ ਇਸ ਕੇਸ ਸਬੰਧੀ ਕਰਵਾਈ ਰਿਪੋਰਟ ਨੂੰ ਘੋਖਣ ਉਪਰੰਤ ਇਸ ਕਰਮਚਾਰੀ ਦੇ ਨਾਲ ਰਮੇਸ਼ ਕੁਮਾਰ ਪ੍ਰਿੰਸੀਪਲ, ਲਖਵੰਤ ਸਿੰਘ ਲੈਕਚਰਾਰ ਅਤੇ ਅਸ਼ੋਕ ਕੁਮਾਰ ਲੈਕਚਰਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ। ਨਿੱਜੀ ਸੁਣਵਾਈ ਅਤੇ ਰਿਕਾਰਡ ’ਤੇ ਆਏ ਸਮੁੱਚੇ ਤੱਥਾਂ ਨੂੰ ਵਿਚਾਰਨ ਅਤੇ ਪੜਤਾਲੀਆ ਰਿਪੋਰਟ ਨਾਲ ਸਹਿਮਤ ਹੋਣ ਉਪਰੰਤ ਪਰਮਿੰਦਰ ਸਿੰਘ ਵਿਰੁੱਧ ਦੋਸ਼ਾਂ ਨੂੰ ਗੰਭੀਰ ਕਰਾਰ ਦਿੰਦਿਆਂ ਸੇਵਾ ਤੋਂ ਬਰਖਾਸਤਗੀ ਦੇ ਹੁਕਮ ਕੀਤੇ ਗਏ ਹਨ। ਇਸ ਸਬੰਧ ਵਿੱਚ ਜ਼ਿਲ੍ਹਾ ਸਿੱਖਿਆ ਅਫਸਰ ਮਲਕੀਤ ਸਿੰਘ ਨਾਲ ਸੰਪਰਕ ਕਰਨ ਤੇ ਉਨ੍ਹਾਂ ਦੱਸਿਆ ਕਿ ਬਰਖਾਸਤਗੀ ਦੇ ਹੁਕਮ ਪ੍ਰਾਪਤ ਹੋ ਗਏ ਹਨ ਅਤੇ ਹੁਕਮਾਂ ਦੇ ਅਨੁਸਾਰ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।