ਸੁਰਜੀਤ ਵਸਿ਼ਸ਼ਟ
ਝੁਨੀਰ, 12 ਜੂਨ
ਲੌਕਡਾਊਨ ਦੇ ਮੱਦੇਨਜ਼ਰ ਆਰਥਿਕ ਮੰਦੀ ਦੌਰਾਨ ਝੋਨੇ ਦੀ ਲਵਾਈ ਦੇ ਭਾਅ ਨੂੰ ਲੈ ਕੇ ਮਜ਼ਦੂਰਾਂ ਅਤੇ ਕਿਸਾਨਾਂ ਵਿਚਾਲੇ ਵਧੀ ਖਿੱਚੋਤਾਣ ਤੋਂ ਕਿਸਾਨ ਆਗੂ ਫ਼ਿਕਰਮੰਦ ਹਨ। ਕਿਸਾਨ ਯੂਨੀਅਨ ਦੇ ਸੂਬਾ ਬਜ਼ੁਰਗ ਆਗੂ ਹਰਦੇਵ ਸਿੰਘ ਕੋਟਧਰਮੂ, ਬਾਬਾ ਗਮਦੂਰ ਸਿੰਘ ਕੋਟਧਰਮੂ, ਮਲੂਕ ਸਿੰਘ ਹੀਰਕਾ, ਗਿਆਨੀ ਨਿਰਮਲ ਸਿੰਘ ਝੰਡੂਕਾ, ਕਾ. ਹਾਕਮ ਸਿੰਘ ਝੁਨੀਰ ਅਤੇ ਕਾ. ਜੁਗਰਾਜ ਸਿੰਘ ਹੀਰਕਾ ਨੇ ਕਿਹਾ ਕਿ ਪਿੰਡਾਂ ਵਿੱਚ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦੀ ਭਾਈਚਾਰਕ ਸਾਂਝ ਬਹੁਤ ਮਜ਼ਬੂਤ ਹੈ, ਜੋ ਪਿੰਡਾਂ ਦੇ ਨਾਲ ਰਾਜ ਵਿੱਚ ਏਕਤਾ ਅਤੇ ਸ਼ਾਂਤੀ ਦੀ ਖੁਸ਼ਹਾਲੀ ਦਾ ਆਧਾਰ ਹੈ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਇੱਕ-ਦੂਜੇ ਦੀਆਂ ਪੂਰਕ ਹਨ। ਉਨ੍ਹਾਂ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੂੰ ਅਪੀਲ ਕੀਤੀ ਕਿ ਉਹ ਝੋਨੇ ਦੀ ਲਵਾਈ ਦੇ ਭਾਅ ਆਪਸੀ ਸਹਿਮਤੀ ਨਾਲ ਤੈਅ ਕਰਨ। ਬਜ਼ੁਰਗ ਕਿਸਾਨ ਆਗੂ ਮਾਸਟਰ ਗੁਰਜੰਟ ਸਿੰਘ ਝੁਨੀਰ, ਗਿਆਨੀ ਦਰਸ਼ਨ ਸਿੰਘ ਸਾਬਕਾ ਸਰਪੰਚ ਜਟਾਣਾ ਕੋਠੇ ਅਤੇ ਦਰਸ਼ਨ ਸਿੰਘ ਸਾਹਨੇਵਾਲੀ ਨੇ ਵੀ ਦੋਵਾਂ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਪਿੰਡ ਪੱਧਰ ’ਤੇ ਪੰਚਾਇਤ ਅਤੇ ਹੋਰ ਸਮਾਜਸੇਵੀਆਂ ਦੀ ਹਾਜ਼ਰੀ ਵਿੱਚ ਝੋਨੇ ਦੀ ਲਵਾਈ ਦਾ ਭਾਅ ਤੈਅ ਕਰਨ। ਉਨ੍ਹਾਂ ਕਿਹਾ ਕਿ ਕਿਸਾਨ ਅਤੇ ਸੀਰੀ ਇੱਕ-ਦੂਜੇ ਦੇ ਪੱਕੇ ਸਾਥੀ ਹਨ, ਜਿਨ੍ਹਾਂ ਦੀ ਸਾਂਝ ਤੋਂ ਬਗੈਰ ਪਿੰਡ ਦੀ ਤਰੱਕੀ ਸੰਭਵ ਨਹੀਂ।