ਪੱਤਰ ਪ੍ਰੇਰਕ
ਸਮਾਲਸਰ, 19 ਅਪਰੈਲ
ਸਮਾਜ ਸੇਵੀ ਅਤੇ ਹੋਰ ਲੋਕਾਂ ਵੱਲੋਂ ਸਮਾਲਸਰ ਹਲਕੇ ਵਿਚ ਪੰਜਾਬ ਮੰਡੀ ਬੋਰਡ ਦੇ ਠੇਕੇਦਾਰ ਵੱਲੋਂ ਨਵੀਂ ਬਣ ਰਹੀ ਲਿੰਕ ਸੜਕ ਦੀਆਂ ਬਰਮਾਂ ’ਤੇ ਪੁਰਾਣੀਆਂ ਇੱਟਾਂ ਲਾਉਣ ਦੇ ਦੋਸ਼ ਲਾਏ ਗਏ ਹਨ। ਸੇਖਾ ਕਲਾਂ ਦੇ ਸਮਾਜ ਸੇਵੀ ਸਿਮਰਤ ਸੇਖਾ ਅਤੇ ਹੋਰ ਲੋਕਾਂ ਨੇ ਦੱਸਿਆ ਕਿ ਪੰਜਾਬ ਮੰਡੀ ਬੋਰਡ ਵਲੋਂ ਚੇਅਰਮੈਨ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ ਅਧੀਨ ਬਣ ਸੇਖਾ ਕਲਾਂ ਤੋਂ ਗੁਰਦੁਆਰਾ ਸੰਗਤੀਸਰ ਤੱਕ ਕਰੀਬ ਦੋ ਕਿਲੋਮੀਟਰ ਸੜਕ ਨਵੀਂ ਬਣਾਈ ਜਾ ਰਹੀ ਹੈ। ਇਸ ਸੜਕ ’ਤੇ ਕਰੀਬ 47 ਲੱਖ ਰੁਪਏ ਤੋਂ ਵੱਧ ਖਰਚ ਕੀਤਾ ਜਾਣਾ ਹੈ। ਇਸ ਸੜਕ ਦੀਆਂ ਬਰਮਾਂ ’ਤੇ ਪੁਰਾਣੀਆਂ ਇੱਟਾਂ ਲਾਈਆਂ ਜਾ ਰਹੀਆਂ ਸਨ ਜਦ ਕਿ ਇਸ ਸੜਕ ਦੀ ਨਵੀਆਂ ਮਨਜ਼ੂਰ ਸੜਕਾਂ ਅਧੀਨ ਉਸਾਰੀ ਹੋ ਰਹੀ ਹੈ। ਮੰਡੀ ਬੋਰਡ ਨੂੰ ਸ਼ਿਕਾਇਤ ਮਿਲਣ ’ਤੇ ਠੇਕੇਦਾਰ ਨੂੰ ਕੰਮ ਰੋਕਣ ਦਾ ਹੁਕਮ ਦਿੱਤਾ ਗਿਆ। ਐਸ.ਡੀ.ਓ. ਜੋਗਿੰਦਰ ਸਿੰਘ ਨੇ ਕਿਹਾ ਕਿ ਜੇ.ਈ. ਸਮਾਜ ਸੇਵੀਆਂ ਨੂੰ ਨਾਲ ਲੈ ਕੇ ਪੁਰਾਣੀ ਲੱਗੀ ਇੱਟ ਦੀ ਮਿਣਤੀ ਕਰੇਗਾ ਜਿੰਨੀ ਵੀ ਪੁਰਾਣੀ ਇੱਟ ਲਾਈ ਗਈ ਹੈ ਉਸ ਦੀ ਠੇਕੇਦਾਰ ਨੂੰ ਪੂਰੀ ਅਦਾਇਗੀ ਕਰਨ ਦੀ ਥਾਂ ਸਿਰਫ ਮਿਹਨਤਾਨਾ ਹੀ ਦਿੱਤਾ ਜਾਵੇਗਾ। ਇਸ ਸਬੰਧੀ ਜੇਈ ਤੋਂ ਰਿਪੋਰਟ ਮੰਗੀ ਗਈ ਹੈ ਜਿਸ ਨੂੰ ਕਾਰਵਾਈ ਲਈ ਉਚ ਅਧਿਕਾਰੀਆਂ ਨੂੰ ਭੇਜਿਆ ਜਾਵੇਗਾ।